ਕੱਪੜਾ ਵਪਾਰੀ ਟਿਮੀ ਚਾਵਲਾ ਦੀ ਹੱਤਿਆ ਦੀ ਸਾਜ਼ਿਸ਼ ਅਮਰੀਕਾ ਵਿਚ ਰਚੀ ਗਈ : ਡੀਜੀਪੀ ਯਾਦਵ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਨਕੋਦਰ ਵਿਚ ਹੋਏ ਕੱਪੜਾ ਵਪਾਰੀ ਕਤਲਕਾਂਡ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੱਪੜਾ ਵਪਾਰੀ ਕਤਲਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇਹ ਕਤਲ ਯੂਐੱਸ ਦੇ ਰਹਿਣ ਵਾਲੇ ਅਮਨਦੀਪ ਪੁਰੇਵਾਲ ਨੇ ਕਰਵਾਇਆ ਹੈ। ਡੀਜੀਪੀ ਨੇ ਕਿਹਾ ਕਿ ਨਕੋਦਰ ਕੱਪੜਾ ਵਪਾਰੀ ਟਿਮੀ ਚਾਵਲਾ ਦੀ ਹੱਤਿਆ ਦੀ ਸਾਜ਼ਿਸ਼ ਅਮਰੀਕਾ ਵਿਚ ਰਚੀ ਗਈ ਹੈ। 5 ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਵਿਚੋਂ 3 ਦੋਸ਼ੀ ਖੁਸ਼ਕਰਨ ਸਿੰਘ ਫੌਜੀ, ਕਮਲਦੀਪ ਸਿੰਘ ਉਰਫ ਦੀਪ, ਮੰਗਾ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਦੋ ਦੋਸ਼ੀ ਸਤਪਾਲ ਉਰਫ ਸਾਜਨ ਤੇ ਠਾਕੁਰ ਅਜੇ ਵੀ ਫਰਾਰ ਹਨ ਜਿਨ੍ਹਾਂ ਦ ਭਾਲ ਜਾਰੀ ਹੈ। ਪੁਲਿਸ ਨੇ ਘਟਨਾ ਸਮੇਂ ਵਰਤੇ ਗਏ ਹਥਿਆਰ ਵੀ ਜ਼ਬਤ ਕਰ ਲਏ ਹਨ। ਇਹ ਹਥਿਆਰ ਗੁਰਿੰਦਰ ਗਿੰਡਾ ਨੇ ਦਿੱਤੇ ਸਨ। ਡੀਜੀਪੀ ਨੇ ਅੱਗੇ ਕਿਹਾ ਕਿ ਕੱਪੜਾ ਵਪਾਰੀ ਦੀ ਸਕਾਰਪੀਓ ਤੇ ਸਫਾਰੀ ਕਾਰ ਵਿਚ ਰੇਕੀ ਕੀਤੀ ਗਈ ਸੀ। ਇਸ ਕਤਲ ਨੂੰ ਨਵੇਂ ਗਿਰੋਹ ਨੇ ਅੰਜਾਮ ਦਿੱਤਾ ਹੈ। ਇਹ ਗਿਰੋਹ ਅਮਰੀਕਾ ਵਿਚ ਬੈਠੇ ਅਮਨਦੀਪ ਪੁਰੇਵਾਲ ਚਲਾ ਰਿਹਾ ਹੈ।