ਚੰਡੀਗੜ੍ਹ, 02 ਮਾਰਚ : ਪੰਜਾਬ ‘ਚ ਹੁਣ ਕੇਂਦਰੀ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਆਪਣੀ ਮੁਲਾਕਾਤ ਵਿੱਚ ਇਸਦੀ ਮੰਗ ਕੀਤੀ ਸੀ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਵਾਨ ਕਰ ਲਿਆ ਹੈ। ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੋਂ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਤੇ ਅੰਮ੍ਰਿਤਸਰ ਵਿਖੇ ਜੀ 20 ਸੰਮੇਲਨ ਸ਼ੁਰੂ ਹੋਣਾ ਹੈ। ਇਨ੍ਹਾਂ ਸਮਾਗਮਾਂ ਕਾਰਨ ਪੰਜਾਬ ਵਿੱਚ ਬਹੁਤ ਸਾਰੇ ਵਿਦੇਸ਼ੀ ਮਹਿਮਾਨ ਠਹਿਰਣਗੇ। ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲਗਦੀ ਹੋਣ ਕਾਰਨ ਕੇਂਦਰੀ ਬਲਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕੇਂਦਰੀ ਬਲ ਹਾਲ ਦੀ ਘੜੀ 6 ਮਾਰਚ ਤੋਂ 16 ਮਾਰਚ ਤੱਕ ਤਾਇਨਾਤ ਰਹਿਣਗੇ ਅਤੇ 30 ਤੋਂ 40 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।