ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਵਚਨਬੱਧ : ਲਾਲਜੀਤ ਸਿੰਘ ਭੁੱਲਰ

  • ਵਿਧਾਇਕ ਨੀਨਾ ਮਿੱਤਲ ਨੂੰ ਹਲਕਾ ਰਾਜਪੁਰਾ ਦੇ ਵੱਖ-ਵੱਖ ਪਿੰਡਾਂ ਲਈ ਬੱਸ ਸੇਵਾ ਸ਼ੁਰੂ ਕਰਨ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿੱਤਾ

ਚੰਡੀਗੜ੍ਹ, 25 ਮਾਰਚ 2025 : ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਵਚਨਬੱਧ ਹੈ ਤਾਂ ਜੋ ਮਹਿਲਾਵਾਂ ਨੂੰ ਮੁਫ਼ਤ ਬੱਸ ਸੇਵਾ ਦਾ ਲਾਭ ਮਿਲਣ ਸਣੇ ਹੋਰਨਾਂ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਅੱਜ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਵਿਧਾਇਕ ਨੀਨਾ ਮਿੱਤਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਜਿਨ੍ਹਾਂ ਰੂਟਾ ‘ਤੇ ਸਰਕਾਰੀ ਬੱਸ ਸੇਵਾ ਉਪਲੱਬਧ ਨਹੀਂ ਹੈ, ਸੂਬਾ ਸਰਕਾਰ ਉਨ੍ਹਾਂ ਰੂਟਾਂ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸੂਬੇ ਦੇ ਲੋਕਾਂ ਦੀ ਮੰਗ ‘ਤੇ ਸਬੰਧਤ ਰੂਟ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰੇਗਾ। ਟਰਾਂਸਪੋਰਟ ਮੰਤਰੀ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵੱਖ-ਵੱਖ ਪਿੰਡਾਂ ਲਈ ਬੱਸ ਸੇਵਾ ਸ਼ੁਰੂ ਕਰਨ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਰਾਜਪੁਰਾ ਤੋਂ ਮਾਣਕਪੁਰ ਵਾਇਆ ਰਾਜਪੁਰਾ, ਜਨਸੂਆ, ਜਨਸੂਈ, ਮਿਰਜਾਪੁਰ, ਏਰੀਆ ਮਾਣਕਪੁਰ ਅਤੇ ਚੰਡੀਗੜ੍ਹ ਤੋਂ ਮਾਣਕਪੁਰ ਵਾਇਆ ਰਾਜਪੁਰਾ, ਜਨਸੂਆ, ਜਨਸੂਈ, ਮਿਰਜਾਪੁਰ, ਏਰੀਆ ਮਾਣਕਪੁਰ, ਅਬਰਾਵਾਂ ਆਦਿ ਰੂਟਾਂ ‘ਤੇ ਸਰਕਾਰੀ ਬੱਸ ਸੇਵਾ ਚਲਾਈ ਜਾ ਰਹੀ ਹੈ। ਸ. ਭੁੱਲਰ ਨੇ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ. ਵੱਲੋਂ ਕਿਲੋਮੀਟਰ ਸਕੀਮ ਤਹਿਤ ਵੱਖ-ਵੱਖ ਕੈਟਾਗਿਰੀ ਦੀਆਂ (ਸਧਾਰਨ, ਐਚ.ਵੀ.ਏ.ਸੀ., ਅਤੇ ਇੰਟੈਗਰਲ ਕੋਚ) 290 ਬੱਸਾਂ ਚਲਾਈਆਂ ਜਾ ਰਹੀਆਂ ਹਨ। ਸ. ਭੁੱਲਰ ਨੇ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਰਕਾਰੀ ਬੱਸ ਸੇਵਾ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਗਏ ਹਨ।