ਕੇਂਦਰੀ ਜੇਲ੍ਹ ਗੋਇੰਦਵਾਲ (ਤਰਨਤਾਰਨ) ਸੀਐਮ ਭਗਵੰਤ ਮਾਨ ਨੇ ਰਿਪੋਰਟ ਕੀਤੀ ਤਲਬ

ਚੰਡੀਗੜ੍ਹ, 28 ਫ਼ਰਵਰੀ : 15 ਮਹੀਨੇ ਪਹਿਲਾਂ ਸ਼ੁਰੂ ਹੋਈ ਅਤਿ-ਆਧੁਨਿਕ ਗੋਇੰਦਵਾਲ ਕੇਂਦਰੀ ਜੇਲ੍ਹ ਸ਼ੁਰੂ ਤੋਂ ਹੀ ਖਾਮੀਆਂ ਕਾਰਨ ਸੁਰਖੀਆਂ ਵਿੱਚ ਹੈ। ਜੇਲ੍ਹ ਵਿੱਚ ਗੈਂਗਸਟਰਾਂ ਦੇ ਆਪਸ ਵਿੱਚ ਭਿੜਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਮੰਗਵਾਉਣ ਦੇ ਰੈਕੇਟ ਦਾ ਵੀ ਪਰਦਾਫਾਸ਼ ਹੋਇਆ ਹੈ ਪਰ ਇਸ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਗ੍ਰਹਿ ਵਿਭਾਗ ਨੇ ਐਤਵਾਰ ਨੂੰ ਦੋ ਗੈਂਗਸਟਰਾਂ ਦੀ ਮੌਤ ਦੀ ਰਿਪੋਰਟ ਤਲਬ ਕਰ ਲਈ ਹੈ। ਸੀਐਮ ਭਗਵੰਤ ਮਾਨ ਕੋਲ ਹੀ ਗ੍ਰਹਿ ਵਿਭਾਗ ਹੈ। ਅਜਿਹੇ 'ਚ ਉਨ੍ਹਾਂ ਨੂੰ ਇਸ ਨਾਲ ਜੁੜੀ ਸਾਰੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ।ਇਹ ਜੇਲ੍ਹ ਦਸੰਬਰ 2021 ਵਿੱਚ ਸ਼ੁਰੂ ਹੋਈ ਸੀ। ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਗੈਂਗਸਟਰ ਦੀਪਕ ਟੀਨੂੰ ਵੀ ਇਸ ਜੇਲ੍ਹ ਵਿੱਚ ਬੰਦ ਹੈ। ਜਨਵਰੀ 'ਚ ਉਸ ਨੇ ਆਪਣੇ ਸਾਥੀਆਂ ਸਮੇਤ ਤਿੰਨ ਕੈਦੀਆਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਤਿੰਨੋਂ ਵਿਅਕਤੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।ਦਸੰਬਰ 2022 'ਚ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਪੁਲਿਸ ਨੇ ਉਸ ਸਮੇਂ ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਆਰਪੀਜੀ ਹਮਲੇ ਦੀ ਸਾਜ਼ਿਸ਼ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਹੀ ਮੁਲਜ਼ਮ ਅਜਮੀਤ ਸਿੰਘ ਨੇ ਰਚੀ ਸੀ। ਅਜ਼ਮੀਤ ਹਮਲੇ ਦੀ ਯੋਜਨਾ ਬਣਾਉਣ ਲਈ ਵਿਦੇਸ਼ਾਂ ਵਿੱਚ ਆਪਣੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ।ਅਕਤੂਬਰ 2022 ਵਿੱਚ, ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨਾਲ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰੋਂ ਕੰਮ ਕਰ ਰਹੇ ਗੈਂਗਸਟਰਾਂ ਦੇ ਇੱਕ ਗਠਜੋੜ ਦਾ ਪਰਦਾਫਾਸ਼ ਕੀਤਾ ਸੀ। ਐਸਟੀਐਫ ਨੇ ਕਿਹਾ ਸੀ ਕਿ ਗਿਰੋਹ ਦੇ ਮੈਂਬਰ ਜੇਲ੍ਹ ਤੋਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੰਮ ਕਰ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚ ਹਾਲਾਤ ਸੁਧਾਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਸਟਾਫ਼ ਦੀ ਘਾਟ ਅਤੇ ਅਤਿ-ਆਧੁਨਿਕ ਜੈਮਰ ਲਗਾਉਣ ਲਈ ਸਰਕਾਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ।ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਕੈਦੀ ਮੋਬਾਈਲ ਫ਼ੋਨ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਉਥੇ ਰੋਜ਼ਾਨਾ ਜਾਂਚ ਦੌਰਾਨ ਮੋਬਾਈਲ ਜ਼ਬਤ ਕੀਤੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਫਰਵਰੀ ਮਹੀਨੇ 'ਚ ਜੇਲ 'ਚੋਂ 50 ਮੋਬਾਇਲ ਫੋਨ ਜ਼ਬਤ ਕੀਤੇ ਜਾ ਚੁੱਕੇ ਹਨ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਮੋਬਾਈਲ ਜੇਲ੍ਹ ਦੇ ਬਾਹਰੋਂ ਸੁੱਟੇ ਜਾ ਰਹੇ ਹਨ। ਗੈਂਗਵਾਰ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਦੀ ਜਾਂਚ ਕੀਤੀ ਗਈ ਤਾਂ 10 ਮੋਬਾਈਲ, ਚਾਰ ਹੈੱਡਫੋਨ, ਪੰਜ ਜੁਗਾੜੂ ਚਾਰਜਰ, ਪੰਜ ਡਾਟਾ ਕੇਬਲ, 9 ਸਿਮ ਬਰਾਮਦ ਹੋਏ।ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਦੋਸ਼ੀ ਨੂੰ ਨਾਮਜ਼ਦ ਕਰਕੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।