ਚੰਡੀਗੜ੍ਹ,13 ਸਤੰਬਰ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ‘ਚ ਸੱਦ ਭਾਵਨਾ ਪੈਦਾ ਕਰਨ ਲਈ ਤੁਰੰਤ ਬੰਦੀ ਸਿੰਘਾਂ ਦੀ ਰਿਹਾਈ ਕਰੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਵੇ। ਭੋਮਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਹਿੰਦੁਸਤਾਨ ਦੀ ਸਰਕਾਰ 1971ਦੀ ਜੰਗ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ਼ੀ ਜੰਗੀ ਕੈਦੀਆਂ ਨੂੰ ਵਧੀਆ ਵਧੀਆ ਤੋਹਫੇ ਦੇ ਕੇ ਰਿਹਾਅ ਕਰਕੇ ਪਾਕਿਸਤਾਨ ਭੇਜ ਸਕਦੀ ਹੈ ਅਤੇ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਸਮੇਂ ਜੋ 365 ਸਿੰਘ ਦਰਬਾਰ ਸਾਹਿਬ ਅੰਦਰੋਂ ਜੰਗੀ ਕੈਦੀ ਬਣਾ ਕੇ ਫੜੇ ਗਏ ਸਨ। ਭਾਰਤ ਦੀ ਰਾਜੀਵ ਗਾਂਧੀ ਸਰਕਾਰ 5 ਸਾਲ ਬਾਅਦ ਉਹਨਾਂ ਨੂੰ ਵੀ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰ ਸਕਦੀ ਹੈ। ਜੇਕਰ ਰਾਜੀਵ ਗਾਂਧੀ ਦੇ ਕਾਤਲ ਲਿੱਟੇ ਵਾਲੇ ਰਿਹਾਅ ਹੋ ਸਕਦੇ ਹਨ। ਤੇ ਫਿਰ ਜਿਨ੍ਹਾਂ ਸਿੰਘਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਭੜਕੀਆਂ ਭਾਵਨਾਵਾਂ ਤਾਹਿਤ ਕੋਈ ਛੋਟਾ ਮੋਟਾ ਜੁਰਮ ਕੀਤਾ ਸੀ।ਉਹ ਵੀ ਕਾਨੂੰਨ ਅਨੁਸਾਰ ਆਪਣੀਆਂ ਸਜਾਵਾਂ ਪੂਰੀਆ ਕਰ ਚੁੱਕੇ ਹਨ। ਕੇਂਦਰ ਸਰਕਾਰ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕਰਦੀ? ਸਿੱਖ ਬੰਦੀ ਕਿਹੜੇ ਕਨੂੰਨ ਤਹਿਤ ਜੇਲ੍ਹਾਂ ਵਿੱਚ ਸਾੜੇ ਜਾ ਰਹੇ ਹਨ। ਬਲਾਤਕਾਰੀ ਰਾਮ ਰਹੀਮ ਨੂੰ ਵਾਰ ਵਾਰ ਪਾਰੋਲਾ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਭੋਮਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਸਵਾਲ ਕਰਦਿਆਂ ਕਿਹਾ ਕਿ ਹਿੰਦੁਸਤਾਨ ਚ ਹਰ ਚੋਣਾਂ ਮਿੱਥੇ ਸਮੇਂ ਅਨੁਸਾਰ ਹੁੰਦੀਆਂ ਹਨ ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 13 ਸਾਲ ਤੋਂ ਕਿਉਂ ਨਹੀਂ ਹੋ ਰਹੀਆਂ ? ਉਨ੍ਹਾਂ ਕਿਹਾ ਸਰਕਾਰ ਇਹ ਵੀ ਸਿੱਧ ਨਹੀਂ ਕਰ ਸਕਦੀ ਕਿ ਪੰਜਾਬ ਕੋਈ ਗੜਬੜ ਵਾਲਾ ਸੂਬਾ ਹੈ। ਅੱਜ ਪੰਜਾਬ ਬਿਲਕੁਲ ਸ਼ਾਂਤ ਮਈ ਸੂਬਾ ਹੈ ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ। ਉਹਨਾਂ ਪੰਜਾਬ ਦੇ ਸਿੱਖਾਂ ਨੂੰ ਵੀ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਆਪਣੀਆਂ ਵੋਟਾਂ ਬਣਾਉਣ ਲਈ ਕਿਹਾ ਇਸ ਮੌਕੇ ਉਹਨਾਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਅਤੇ ਭੇਟਾ ਰਹਿਤ ਦਸਤਾਰਾਂ ਵੀ ਨੌਜਵਾਨਾਂ ਨੂੰ ਦਿੱਤੀਆਂ।