ਚੰਡੀਗੜ੍ਹ : ਕੈਨੇਡਾ ਵਸਦੇ ਪੰਜਾਬੀਆਂ ਲਈ ਅਹਿਮ ਖਬਰ ਹੈ। ਪੰਜਾਬ ਤੇ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਣ ‘ਤੇ ਕੈਨੇਡਾ ਸਰਕਾਰ ਵੱਲੋਂ ਕੋਈ ਸਹਿਮਤੀ ਨਹੀਂ ਬਣੀ ਹੈ ਜਿਸ ਕਾਰਨ ਉਥੇ ਰਹਿੰਦੇ ਪੰਜਾਬੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਅਜੇ 2 ਦਿਨ ਪਹਿਲਾਂ ਪੰਜਾਬ ਤੇ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ, ਜਿਨ੍ਹਾਂ ਨੂੰ ਕੈਨੇਡਾ ਲਈ ਫਲਾਈਟਸ ਲੈਣ ਦਿੱਲੀ ਜਾਣਾ ਪੈਂਦਾ ਹੈ। ਦੱਸ ਦੇਈਏ ਕਿ ਪੰਜਾਬ ਅਤੇ ਕੈਨੇਡਾ ਦੇ ਸੱਭਿਆਚਾਰਕ ਅਤੇ ਵਪਾਰਕ ਸਬੰਧ ਵਿਸ਼ਵ ਪ੍ਰਸਿੱਧ ਹਨ। ਪੰਜਾਬ ਭਾਰਤ ਦਾ ਰਣਨੀਤਕ ਉਦਯੋਗਿਕ ਕੇਂਦਰ ਅਤੇ ਅਨਾਜ ਭੰਡਾਰ ਵੀ ਹੈ। ਪੰਜਾਬ ਦੇ ਉਦਯੋਗਾਂ ਦਾ ਕੈਨੇਡਾ ਵਿੱਚ ਬਹੁਤ ਵਧੀਆ ਨੈੱਟਵਰਕ ਹੈ ਅਤੇ ਇਹ ਉਦਯੋਗ ਕਈ ਉਦਯੋਗਾਂ ਨੂੰ ਬਹੁਤ ਸਾਰੇ ਉਤਪਾਦ ਨਿਰਯਾਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜੋ ਐਗਰੋ ਪ੍ਰੋਸੈਸਿੰਗ ਉਦਯੋਗ ਕਾਰਗੋ ਉਡਾਣਾਂ ਰਾਹੀਂ ਆਸਾਨੀ ਨਾਲ ਉੱਥੇ ਆਪਣੇ ਉਤਪਾਦ ਭੇਜ ਜਾ ਸਕੇ। ਪਰ ਦੋ ਦਿਨ ਪਹਿਲਾਂ ਹੋਏ ਸਮਝੌਤੇ ਤੋਂ ਬਾਅਦ ਪੰਜਾਬੀਆਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਜਿਸ ਕਾਰਨ ਕੈਨੇਡਾ ਵਸਦੇ ਪੰਜਾਬੀਆਂ ਵਿਚ ਰੋਸ ਹੈ। ਕੈਨੇਡੀਅਨ ਮੰਤਰੀ ਉਮਰ ਅਲਗਬਰਾ ਦਾ ਕਹਿਣਾ ਹੈ ਕਿ ਭਾਰਤ-ਕੈਨੇਡਾ ਏਅਰ ਟਰਾਂਸਪੋਰਟ ਸਮਝੌਤੇ ਕਾਰਨ ਵੱਖ-ਵੱਖ ਏਅਰਲਾਈਨਜ਼ ਲਈ ਪੰਜਾਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਸੰਭਵ ਨਹੀਂ ਸੀ।