- ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
- ਪਿੰਡਾਂ ਵਿਚ ਮੀਂਹ ਦਾ ਪਾਣੀ ਸਾਂਭਣ ਲਈ ਅੰਮ੍ਰਿਤ ਸਰੋਵਰ ਬਣਾਉਣ ਦੇ ਪ੍ਰੋਜੈਕਟ ਵੀ ਜਲਦ ਤੋਂ ਜਲਦ ਪੂਰੇ ਕਰਨ ਦੀਆਂ ਹਦਾਇਤਾਂ
- ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਣਗੇ ਵੱਧ ਤੋਂ ਵੱਧ ਬੂਟੇ
- ਵਿਕਾਸ ਕਾਰਜਾਂ ਸਬੰਧੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਚੰਡੀਗੜ੍ਹ, 06 ਮਾਰਚ : ਹਲਕਾ ਖਰੜ ਦੀਆਂ ਮੁਸ਼ਕਲਾਂ ਦੇ ਹੱਲ ਤੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖੋ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਖਰੜ ਦਾ ਵਿਕਾਸ ਜੰਗੀ ਪੱਧਰ ਉੱਤੇ ਕਰਦਿਆਂ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਖਰੜ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ਼ ਸੁਥਰਾ ਤੇ ਸੋਹਣਾ ਬਣਾਇਆ ਜਾਵੇਗਾ ਤੇ ਸ਼ਹਿਰ ਵਿੱਚ ਵੱਧ ਤੋਂ ਵੱਧ ਬੂਟੇ ਲਾਏ ਜਾਣ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਸਕੀਮਾਂ ਦਾ ਇਕ-ਇਕ ਪੈਸਾ ਇਮਾਨਦਾਰੀ ਨਾਲ ਲੋਕਾਂ ਉੱਤੇ ਅਤੇ ਸੂਬੇ ਦੇ ਵਿਕਾਸ ਲਈ ਖ਼ਰਚ ਕੀਤਾ ਜਾਵੇ। ਵਿਕਾਸ ਕਾਰਜਾਂ ਸਬੰਧੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਵੱਡੇ ਪੱਧਰ ਉੱਤੇ ਇਹ ਯੋਜਨਾ ਤਿਆਰ ਕੀਤੀ ਜਾਵੇ ਕਿ ਖਰੜ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇ, ਇਥੋਂ ਤੱਕ ਕੇ ਪੁਰਾਣੀਆਂ ਤੇ ਭੀੜੀਆਂ ਗਲੀਆਂ ਨੂੰ ਵੀ ਚੰਗੀ ਤੋਂ ਚੰਗੀ ਦਿੱਖ ਦਿੱਤੀ ਜਾਵੇ। ਕੈਬਨਿਟ ਮੰਤਰੀ ਵੱਲੋਂ ਖਰੜ, ਕੁਰਾਲੀ ਅਤੇ ਨਯਾ ਗਾਓਂ ਨਗਰ ਕੌਂਸਲਾਂ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਹੈਲਥ ਕੇਅਰ ਸੈਂਟਰ ਖਰੜ ਅਤੇ ਸੰਤੇ ਮਾਜਰਾ ਵਿਖੇ ਵੀ ਸਿਹਤ ਸਹੂਲਤਾਂ ਬਾਬਤ ਵੀ ਜਾਣਕਾਰੀ ਲਈ ਗਈ। ਉਹਨਾਂ ਨੇ ਜਨਤਕ ਪਖਾਨੇ, ਸੜਕਾਂ ਦੇ ਕੰਮ, ਸਟਰੋਮ ਵਾਟਰ ਪਾਈਪਾਂ, ਸੀਵਰੇਜ ਸਬੰਧੀ ਮੁਰੰਮਤ ਕਾਰਜ ਤੈਅ ਸਮੇਂ ਵਿਚ ਮੁਕੰਮਲ ਕੀਤੇ ਜਾਣ। ਉਹਨਾਂ ਨੇ 15ਵੇਂ ਵਿੱਤ ਕਮਿਸ਼ਨ ਤਹਿਤ ਕੀਤੇ ਗਏ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਅਵਾਸ ਯੋਜਨਾ ਤਹਿਤ ਚਲ ਰਹੇ ਕਾਰਜ ਜਲਦ ਨੇਪਰੇ ਚਾੜ੍ਹਨ ਲਈ ਕਿਹਾ। ਇਸ ਮੌਕੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਖਰੜ ਦੇ ਸਾਰੇ ਵਾਰਡਾਂ ਵਿਚ ਡੋਰ ਟੂ ਡੋਰ ਕੂੜਾ ਇੱਕਤਰ ਕੀਤਾ ਜਾਂਦਾ ਹੈ। ਕੂੜੇ ਦੇ ਸਮੁੱਚੇ ਪ੍ਰਬੰਧਨ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਯੋਗ ਲਾਭਪਾਤਰੀ ਨੂੰ ਕਿਸੇ ਵੀ ਸਰਕਾਰੀ ਸਕੀਮ ਦੇ ਲਾਭ ਤੋਂ ਵਾਂਝਾ ਨਾ ਰਹਿਣ ਨਾ ਦਿੱਤਾ ਜਾਵੇ। ਖਰੜ ਸ਼ਹਿਰ ਦੇ ਮੁੱਖ ਪੁਆਇੰਟਾਂ ਉੱਤੇ ਵੱਡੇ ਕੂੜੇਦਾਨ ਲਾ ਦਿੱਤੇ ਜਾਣ, ਖ਼ਾਸ ਕਰ ਕੇ ਜਿੱਥੇ ਖਾਣ ਪੀਣ ਦੀਆਂ ਦੁਕਾਨਾਂ ਤੇ ਰੇਹੜੀਆਂ ਫੜੀਆਂ ਲਗਦੀਆਂ ਹਨ। ਨਗਰ ਕੌਂਸਲ ਵਲੋਂ ਜਿਥੇ ਵੈਂਡਿੰਗ ਜ਼ੋਨ ਬਣਾਇਆ ਗਿਆ ਹੈ, ਉੱਥੇ ਵੱਡੇ ਕੂੜੇਦਾਨ ਲਾਉਣੇ ਯਕੀਨੀ ਬਣਾਏ ਜਾਣ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੱਖੋ-ਵੱਖ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀਜ਼.) ਤੇ ਵਾਟਰ ਵਰਕਸ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋੜੀਂਦੇ ਹੁਕਮ ਜਾਰੀ ਕੀਤੇ। ਉਹਨਾਂ ਨੇ ਵਾਟਰ ਸਪਲਾਈ ਸਬੰਧੀ ਦਿੱਕਤਾਂ ਦੇ ਹੱਲ ਲਈ ਵੀ ਵਿਚਾਰ ਵਟਾਂਦਰਾ ਕੀਤਾ। ਰਹਿੰਦੇ ਸੀਵਰੇਜ ਪ੍ਰੋਜੈਕਟ ਜਲਦ ਤੋਂ ਜਲਦ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰਨ ਸਮਰਪਣ ਭਾਵਨਾ ਅਤੇ ਇਕ ਮਿਸ਼ਨ ਵਾਂਗ ਕੰਮ ਕਰਨ ਤਾਂ ਜੋ ਲੋਕਾਂ ਦੀ ਜ਼ਿੰਦਗੀ ਵਿਚ ਸਿਫਤੀ ਤਬਦੀਲੀ ਆ ਸਕੇ। ਉਹਨਾਂ ਨੇ ਪਿੰਡਾਂ ਵਿਚ ਮੀਂਹ ਦਾ ਪਾਣੀ ਸਾਂਭਣ ਲਈ ਅੰਮ੍ਰਿਤ ਸਰੋਵਰ ਬਣਾਉਣ ਦੇ ਪ੍ਰੋਜੈਕਟ ਵੀ ਜਲਦ ਤੋਂ ਜਲਦ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ। ਨਾਲ ਹੀ ਪਿੰਡਾਂ ਵਿਚ ਕੂੜੇ ਦੇ ਪ੍ਰਬੰਧਨ ਲਈ ਯੋਗ ਕਦਮ ਚੁੱਕਣ ਦੀ ਹਦਾਇਤ ਕੀਤੀ ਤਾਂ ਜੋ ਪਿੰਡਾਂ ਨੂੰ ਸਾਫ ਸੁਥਰਾ ਤੇ ਸੋਹਣਾ ਬਣਾਇਆ ਜਾ ਸਕੇ। ਉਹਨਾਂ ਨੇ ਪਿੰਡਾਂ ਦੀਆਂ ਟੋਭਿਆਂ ਸਬੰਧੀ ਸਫਾਈ ਕਾਰਜ ਕਰਨ ਅਤੇ ਪੇਂਡੂ ਖੇਤਰਾਂ ਵਿਚ ਵੱਧ ਤੋਂ ਵੱਧ ਬੂਟੇ ਲਾਉਣ ਲਈ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਖਰੜ ਖੇਤਰ ਵਿੱਚ ਸਿਹਤ ਸਹੂਲਤਾਂ ਬਾਬਤ ਬਾਰੀਕੀ ਨਾਲ ਅਧਿਐਨ ਕੀਤਾ। ਉਹਨਾਂ ਕਿਹਾ ਕਿ ਕੁਰਾਲੀ ਸੀ.ਐੱਚ.ਸੀ. ਦੀ ਨਵੀਂ ਇਮਾਰਤ ਸਬੰਧੀ ਕਵਰਾਈ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਸਿਹਤ ਸੰਸਥਾ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਖਰੜ ਖੇਤਰ ਵਿਚ ਪਸ਼ੂ ਹਸਪਤਾਲਾਂ ਦੇ ਵਿਕਾਸ ਸਬੰਧੀ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਉਹਨਾਂ ਨੇ ਹਲਕੇ ਵਿਚ ਬਣਨ ਵਾਲੇ ਸਕੂਲ ਆਫ਼ ਐਮੀਨੈਂਸ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਜਾਰੀ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਤੇ ਜ਼ਿਲ੍ਹੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਵਨੀਤ ਕੌਰ, ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਸਮੇਤ ਵੱਖੋ ਵੱਖੋ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।