ਚੰਡੀਗੜ੍ਹ, 18 ਜੁਲਾਈ : ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਏ "ਸਮਝੌਤੇ" ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕਾਂਗਰਸ ਤੇ 'ਆਪ' ਦੇ ਸਮਝੌਤੇ ਤੋਂ ਬਾਅਦ ਕਾਂਗਰਸ ਨੂੰ ਕਿਹੜੀ ਪਾਰਟੀ ਆਖਿਆ ਜਾਵੇ? ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, ਭਗਵੰਤ ਮਾਨ ਜੀ ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ ਹੁਣ ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”? ਇਸ ਤੋਂ ਪਹਿਲਾਂ ਬੀਤੀ ਰਾਤ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਏ "ਸਮਝੌਤੇ" ਨੂੰ ਲੈ ਕੇ ਸਵਾਲ ਚੁੱਕੇ ਸੀ। ਦੱਸ ਦੇਈਏ ਕਿ ਸੁਨੀਲ ਜਾਖੜ ਦਾ ਇਹ ਟਵੀਟ ਉਦੋਂ ਸਾਹਮਣੇ ਆਇਆ ਹੈ ਜਦੋਂ ਵਿਰੋਧੀ ਧਿਰਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਜੇ ਸਿੰਘ ਅਤੇ ਰਾਘਵ ਚੱਢਾ ਪੁੱਜੇ ਹਨ। ਬੈਂਗਲੁਰੂ 'ਚ ਵਿਰੋਧੀ ਧਿਰਾਂ ਦੀ ਦੂਜੇ ਦਿਨ ਦੀ ਬੈਠਕ ਜਾਰੀ ਹੈ। 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬੈਠਕ 'ਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ਭਾਰਤ (INDIA) ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ।