- ਮਹਾਰਾਜ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 14 ਹੋਰ ਕੈਡਿਟਾਂ ਦਾ ਨਾਮ ਮੈਰਿਟ ਸੂਚੀ ਵਿੱਚ ਸ਼ਾਮਲ
- ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੁਣੇ ਗਏ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ
ਚੰਡੀਗੜ੍ਹ, 25 ਅਕਤੂਬਰ 2024 : ਸੂਬੇ ਦਾ ਨਾਮ ਰੌਸ਼ਨ ਕਰਦਿਆਂ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ) ਵਿੱਚ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ ਦੇ ਫਿਜ਼ਿਕਸ ਦੇ ਲੈਕਚਰਾਰ ਸਤਬੀਰ ਸਿੰਘ ਦੇ ਪੁੱਤਰ ਅਰਮਾਨਪ੍ਰੀਤ ਸਿੰਘ ਨੇ ਯੂ.ਪੀ.ਐਸ.ਸੀ. ਦੁਆਰਾ ਵੀਰਵਾਰ ਸ਼ਾਮ ਨੂੰ ਐਲਾਨੀ ਗਈ ਐਨ.ਡੀ.ਏ.-153 ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਅਰਮਾਨਪ੍ਰੀਤ ਪਿਛਲੇ 12 ਸਾਲਾਂ ਦੇ ਅਰਸੇ ਦੌਰਾਨ ਐਨ.ਡੀ.ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਸ ਸੰਸਥਾ ਦਾ ਤੀਸਰਾ ਕੈਡਿਟ ਹੈ। ਹੋਣਹਾਰ ਵਿਦਿਆਰਥੀ ਅਰਮਾਨਪ੍ਰੀਤ ਸਿੰਘ ਨੇ ਹਵਾਈ ਸੈਨਾ ਦੀ ਚੋਣ ਕੀਤੀ ਹੈ ਅਤੇ ਉਹ ਨੇੜਲੇ ਭਵਿੱਖ ਵਿੱਚ ਸੁਖੋਈ ਐਸ.ਯੂ.-30 ਐਮ.ਕੇ.ਆਈ. ਨੂੰ ਉਡਾਉਣ ਦੀ ਇੱਛਾ ਰੱਖਦਾ ਹੈ। ਅਰਮਾਨਪ੍ਰੀਤ ਸਿੰਘ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਐਸ.ਐਸ.ਬੀ. ਲਈ ਗਏ 24 ਵਿੱਚੋਂ 14 ਹੋਰ ਕੈਡਿਟਾਂ ਨੇ ਵੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਰੈਂਕ ਹਾਸਲ ਕੀਤਾ ਹੈ। ਦੱਸਣਯੋਗ ਹੈ ਇਹਨਾਂ ਵਿੱਚੋਂ ਕੁਝ ਕੈਡਿਟ, ਜੁਆਇਨਿੰਗ ਲਈ ਕਾਲ-ਅਪ ਪੱਤਰ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੀ ਮੈਡੀਕਲ ਜਾਂਚ ਕਰਵਾ ਰਹੇ ਹਨ। ਅਰਮਾਨਪ੍ਰੀਤ ਸਿੰਘ ਅਤੇ ਬਾਕੀ ਕੈਡਿਟਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਭਾਰਤ ਦੇ ਰੱਖਿਆ ਬਲਾਂ ਵਿੱਚ ਅਧਿਕਾਰੀ ਬਣਨ ਵਾਸਤੇ ਇਹ ਉਨ੍ਹਾਂ ਲਈ ਪਹਿਲਾ ਕਦਮ ਹੈ। ਉਨ੍ਹਾਂ ਨੇ ਚੁਣੇ ਗਏ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (ਵੀ.ਐਸ.ਐਮ.) ਨੇ ਅਰਮਾਨਪ੍ਰੀਤ ਅਤੇ ਬਾਕੀ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਸ਼ੁਰੂ ਹੋਣ ਵਾਲੇ ਐਨ.ਡੀ.ਏ. ਕੋਰਸ ਲਈ ਪਹਿਲੀ ਵਾਰ ਐਨੇ ਕੈਡਿਟਾਂ ਨੇ ਕੁਆਲੀਫਾਈ ਕੀਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੇ ਕੁੱਲ 238 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੁੱਲ 160 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਟੈਕਨੀਕਲ ਐਂਟਰੀ ਮੈਰਿਟ ਸੂਚੀ ਦੇ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਸਦੇ ਜਲਦ ਜਾਰੀ ਹੋਣ ਦੀ ਉਮੀਦ ਹੈ।