ਚੰਡੀਗੜ੍ਹ, 30 ਦਸੰਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਉਹ ਵਿਜੀਲੈਂਸ ਦੀ ਰਾਡਾਰ ‘ਤੇ ਆ ਗਏ ਹਨ। ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਪਣੇ ਬੇਟੇ ਦੇ ਵਿਆਹ ਲਈ ਦਾਸਤਾਨ-ਏ-ਸ਼ਹਾਦਤ ਉਦਘਾਟਨੀ ਸਮਾਰੋਹ ਵਿਚ ਵੱਡਾ ਹੇਰਫੇਰ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਮੁੰਡੇ ਦੇ ਵਿਆਹ ਸਮਾਗਮ ਦਾ ਖਰਚਾ ਉਸ ਵਿਚੋਂ ਐਡਜਸਟ ਕੀਤਾ ਸੀ। ਉਦਘਾਟਨੀ ਸਮਾਰੋਹ ‘ਤੇ 1 ਕਰੋੜ 47 ਲੱਖ ਦਾ ਖਰਚਾ ਰਿਕਾਰਡ ਵਿਚ ਦਿਖਾਇਆ ਗਿਆ, ਜਿਸ ਵਿਚੋਂ ਉਨ੍ਹਾਂ ਦੇ ਬੇਟੇ ਦੇ ਵਿਆਹ ਸਮਾਗਮ ਦਾ ਖਰਚਾ ਵੀ ਕੱਢਿਆ ਗਿਆ ਸੀ। ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੂਰਿਜ਼ਮ ਅਫ਼ਸਰਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਇਹ ਜਾਂਚ ਸ਼ਿਕਾਇਤਕਰਤਾ ਬਠਿੰਡਾ ਵਾਸੀ ਰਾਜਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਸ਼ੁਰੂ ਕੀਤੀ ਹੈ। ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ’ਤੇ ਹੋਏ ਖਰਚੇ ਨੂੰ ਐਡਜੱਸਟ ਕਰਨ ਲਈ ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨੀ ਸਮਾਗਮ ਦੇ ਖਰਚਿਆਂ ਵਿੱਚ ਕੀਤੀ ਗਈ ਹੈ। ਦੱਸ ਦੇਈਏ ਕਿ ਮਿਤੀ 17 ਨਵੰਬਰ 2021 ਨੂੰ ਦਾਸਤਾਨ-ਏ-ਸ਼ਹਾਦਤ ਦੇ ਸਮਾਗਮ ਦੇ ਪ੍ਰਬੰਧਾਂ ਲਈ 4 ਟੈਂਡਰ ਜਾਰੀ ਕੀਤੇ ਗਏ ਸਨ। ਚਾਰੇ ਟੈਂਡਰ ਇੱਕੋ ਦਿਨ 17 ਨਵੰਬਰ 2021 ਨੂੰ ਬੁਲਾਏ ਗਏ ਸਨ ਅਤੇ ਤਕਨੀਕੀ ਬੋਲੀ ਵੀ ਉਸੇ ਦਿਨ ਖੋਲ੍ਹੀ ਗਈ। ਇਸ ਤਕਨੀਕੀ ਬੋਲੀ ਨੂੰ ਵੀ ਉਸੇ ਦਿਨ ਪ੍ਰਵਾਨ ਕਰ ਲਿਆ ਗਿਆ। ਇੰਨਾ ਹੀ ਨਹੀਂ ਵਿੱਤੀ ਬੋਲੀ ਖੋਲ੍ਹ ਕੇ ਟੈਂਡਰ ਵੀ ਉਸੇ ਦਿਨ ਅਲਾਟ ਕਰ ਦਿੱਤੇ ਗਏ। ਸਾਰੀ ਟੈਂਡਰ ਪ੍ਰਕਿਰਿਆ ਇੱਕੋ ਦਿਨ ਵਿੱਚ ਮੁਕੰਮਲ ਹੋ ਗਈ। ਜ਼ਿਕਰਯੋਗ ਹੈ ਕਿ ਸਾਰੇ ਟੈਂਡਰਾਂ ਵਿੱਚ ਇੱਕ ਹੀ ਬਿਲਡਰ ਨੂੰ ਮਨਜ਼ੂਰੀ ਦਿੱਤੀ ਗਈ। ਸ਼ਿਕਾਇਤਕਰਤਾ ਨੇ ਥੀਮ ਪਾਰਕ ਦੀ ਲਾਗਤ ਦੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਰਾਂ ਨਾਲ ਤੁਲਨਾ ਵੀ ਕੀਤੀ ਹੈ। ਇਨ੍ਹਾਂ ਸਾਰੇ ਟੈਂਡਰਾਂ ਵਿੱਚ ਤੈਅ ਰਕਮ ਤੋਂ 166 ਗੁਣਾ ਵੱਧ ਖਰਚਾ ਦਿਖਾਇਆ ਗਿਆ। ਸਮਾਗਮ ਲਈ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧ, ਜਿਸ ਵਿੱਚ ਟੈਂਟ, ਭੋਜਨ, ਫੁੱਲਾਂ ਦੀ ਸਜਾਵਟ, ਸਟੇਜ ਆਦਿ ਲਈ 20 ਗੁਣਾ ਤੋਂ ਵੱਧ ਰੇਟ ਤੈਅ ਕੀਤੇ ਗਏ ਸਨ।