- ਮੁਲਕ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਇਤਿਹਾਸ ਵਿਚ ਅੱਜ ਕਾਲਾ ਦਿਨ ਹੈ’
- ਅਕਾਲੀ ਦਲ ਦੇ ਫੈਸਲੇ ਨਾਲ ਸੁਧਾਰ ਲਹਿਰ ਦਾ ਸਟੈਂਡ ਦਰੁੱਸਤ ਸਿਧ ਹੋਇਆ’
ਚੰਡੀਗੜ੍ਹ, 24 ਅਕਤੂਬਰ 2024 : ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਮਨੀ ਚੋਣਾਂ ਨਾ ਲੜਣ ਦੇ ਫੈਸਲੇ ਨੂੰ ਪਾਰਟੀ ਦੇ ਇਤਿਹਾਸ ਵਿਚ ‘ਕਾਲਾ ਦਿਨ’ ਗਰਦਾਨਦਿਆਂ, ਅਕਾਲੀ ਸੁਧਾਰ ਲਹਿਰ ਦੇ ਸੀਨੀਅਰ ਆਗੂ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਇਹ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਲਿਆ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਉਤੇ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕਿਆਂ ਤੋਂ ਆਪਣੇ ਸੰਭਾਵੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੇ ਸੋਹਣ ਸਿੰਘ ਠੰਡਲ ਸਿੱਧੇ ਹੀ ਭਾਜਪਾ ਨੂੰ ਦੇ ਦਿਤੇ ਹਨ ਜਦੋਂ ਕਿ ਤੀਜੇ ਹਲਕੇ ਗਿਦੜਬਾਹਾ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਹੱਦੀ ਸੂਬੇ ਪੰਜਾਬ ਵਿਚ ਬਹੁਤ ਦਿਲਚਸਪੀ ਹੈ ਅਤੇ ਉਹ ਇਥੇ ਆਪਣੇ ਪੈਰ ਜਮਾਉਣ ਲਈ ਬਹੁਤ ਹੀ ਤਹੂ ਹੈ। ਉਹਨਾਂ ਅੱਗੇ ਹੋਰ ਕਿਹਾ ਕਿ ਅਕਾਲੀ ਦਲ ਦੇ ਇਸ ਫੈਸਲੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਮੁਲਕ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦਾ ਹੱਥ ਹੈ। ਅਕਾਲੀ ਸੁਧਾਰ ਲਹਿਰ ਦੇ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਬੇਅਸੂਲੇ ਫੈਸਲੇ ਨਾਲ ਇਕ ਵਾਰ ਫਿਰ ਇਹ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਪਾਰਟੀ ਹੁਣ ਕੋਈ ਜਮਹੂਰੀ ਪਾਰਟੀ ਨਹੀਂ ਰਹੀ ਸਗੋਂ ਇਹ ਸੁਖਬੀਰ ਸਿੰਘ ਬਾਦਲ ਦੀ ‘ਪ੍ਰਾਈਵੇਟ ਲਿਮਟਿਡ ਕੰਪਨੀ’ ਬਣਕੇ ਰਹਿ ਗਈ ਹੈ ਜਿਸ ਨੂੰ ਉਹ ਇਸ ਦੇ ਵਾਹਿਦ ਮਾਲਕ ਵਾਂਗੂ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਕਿ ਇਸ ਨੇ ਆਪਣੇ ਪ੍ਰਧਾਨਾਂ ਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਜੇਲ੍ਹਾਂ ਵਿਚ ਹੋਣ ਸਮੇਂ ਵੀ ਬਹੁਤ ਵੱਡੇ ਵੱਡੇ ਸੰਘਰਸ਼ ਲੜੇ ਤੇ ਜਿੱਤੇ ਹਨ। ਉਹਨਾਂ ਪੁੱਛਿਆ ਕਿ ਕੀ ਅਕਾਲੀ ਦਲ ਐਨਾ ਹੀ ਕਮਜ਼ੋਰ ਤੇ ਬੋਦਾ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਜ਼ਿਮਨੀ ਚੋਣਾਂ ਵੀ ਨਹੀਂ ਲੜ ਸਕਦਾ? ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਉੱਤੇ ਖ਼ੁਦਗਰਜੀ ਤੇ ਨਿੱਜਪ੍ਰਸਤੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਉਸ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਹ ਫੈਸਲਾ ‘ਖੂਹ ਵਿਚ ਛਾਲ ਮਾਰ ਕੇ ਖੁਦਕਸ਼ੀ ਕਰਨ’ ਦੇ ਬਰਾਬਰ ਹੈ ਜਿਸ ਨਾਲ ਉਸ ਦਾ ਰਹਿੰਦਾ ਖੂੰਹਦਾ ਅਧਾਰ ਵੀ ਖੁਰ ਜਾਵੇਗਾ। ਉਹਨਾਂ ਹੋਰ ਕਿਹਾ ਕਿ ਪਾਰਟੀਆਂ ਚੋਣਾਂ ਸਿਰਫ਼ ਜਿੱਤਣ ਲਈ ਹੀ ਨਹੀਂ ਲੜਦੀਆਂ ਬਲਕਿ ਆਪਣਾ ਅਧਾਰ ਮਜ਼ਬੂਤ ਕਰਨ ਤੇ ਲੋਕਾਂ ਦੇ ਮਸਲੇ ਉਭਾਰਨ ਲਈ ਵੀ ਲੜਦੀਆਂ ਹਨ। ਉਹਨਾਂ ਦਾਅਵਾ ਕੀਤਾ ਕਿ ਇਹਨਾਂ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਦਲ ਕੋਲ ਵਿਰੋਧੀ ਪਾਰਟੀਆ ਨੂੰ ਤੱਕੜੀ ਟੱਕਰ ਦੇ ਸਕਣ ਵਾਲੇ ਉਮੀਦਵਾਰ ਮੌਜ਼ੂਦ ਸਨ। ਉਹਨਾਂ ਕਿਹਾ ਕਿ ਮੁਲਕ ਵਿਚ ਹਿੰਦੋਸਤਾਨੀਆਂ ਦੀ ਸਭ ਤੋਂ ਪੁਰਾਣੀ ਤੇ ਮਾਣਮੱਤੇ ਇਤਹਾਸ ਵਾਲੀ ਸਿਆਸੀ ਪਾਰਟੀ ਦੇ ਇਤਿਹਾਸ ਵਿਚ ਅੱਜ ਦੇ ਦਿਨ ਨੂੰ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ ਜਦੋਂ ਇਸ ਦੀ ਮੌਜ਼ੂਦਾ ਲੀਡਰਸ਼ਿਪ ਪੰਜਾਬ ਦੀਆਂ ਜ਼ਿਮਨੀ ਚੋਣਾਂ ਲੜਣ ਤੋਂ ਭੱਜ ਗਈ ਹੈ। ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਦਾ ਇਹ ਫੈਸਲਾ ਆਪਣੇ ਵਰਕਰਾਂ ਤੇ ਲੋਕਾਂ ਨੂੰ ਮੰਝਧਾਰ ਵਿਚ ਡੋਬਣ ਦੇ ਬਰਾਬਰ ਹੈ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਦੀ ਮੌਜ਼ੂਦਾ ਲੀਡਰਸ਼ਿਪ ਨੂੰ ਇਹ ਪੁੱਛਿਆ ਜਾਣਾ ਬਣਦਾ ਹੈ ਕਿ ਜੇ ਪਾਰਟੀ ਨੇ ਚੋਣਾਂ ਹੀ ਨਹੀਂ ਲੜਣੀਆਂ ਤਾਂ ਫਿਰ ਹੋਰ ਕੀ ਕੀਤਾ ਜਾਣਾ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਇਸ ਤਰਕਹੀਣ ਤੇ ਬੇਅਸੂਲੇ ਫੈਸਲੇ ਤੋਂ ਇਹ ਵੀ ਸਿੱਧ ਹੋ ਗਿਆ ਹੈ ਕਿ ਪਾਰਟੀ ਦੇ ਢਾਂਚੇ, ਕੰਮ ਕਰਨ ਦੇ ਢੰਗ ਤੇ ਪਾਰਟੀ ਅੰਦਰਲੀ ਜਮਹੂਰੀਅਤ ਦੀ ਦਿਸ਼ਾ ਵਿਚ ਬੜੇ ਸੁਧਾਰਾਂ ਦੀ ਲੋੜ ਹੈ ਜਿਸ ਲਈ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੇ ਮੁਹਿੰਮ ਵਿੱਢੀ ਹੋਈ ਹੈ।