ਚੰਡੀਗੜ੍ਹ, 26 ਜੂਨ : ਮਾਨਸੂਨ ਦੇ ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿਚ ਔਸਤਨ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿਚ ਮਾਨਸੂਨ ਸਮੇਂ ਤੋਂ ਚਾਰ ਦਿਨ ਪਹਿਲਾਂ ਪਹੁੰਚ ਗਿਆ ਹੈ। 26 ਜੂਨ ਨੂੰ ਜਾਰੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਨਸੂਨ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿਚ ਪਹੁੰਚ ਗਿਆ ਹੈ ਅਤੇ ਮਾਨਸੂਨ ਮੰਗਲਵਾਰ ਨੂੰ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿਚ ਸਭ ਤੋਂ ਵੱਧ 113.2 ਐਮਐਮ ਬਾਰਿਸ਼ ਦਰਜ ਕੀਤੀ ਗਈ। ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ 30 ਜੂਨ 1970 ਨੂੰ 92.6 ਐਮ.ਐਮ. ਬਾਰਿਸ਼ ਦਾ ਰਿਕਾਰਡ ਚੱਲ ਰਿਹਾ ਸੀ। 15 ਜੂਨ ਨੂੰ ਅੰਮ੍ਰਿਤਸਰ ਵਿਚ 112.2 ਐਮ.ਐਮ. ਮੀਂਹ ਪਿਆ। ਜਿਸ ਨੇ ਪਿਛਲੇ ਸਾਲਾਂ ਦੇ ਜੂਨ ਮਹੀਨੇ ਦੇ ਸਾਰੇ ਰਿਕਾਰਡ ਤੋੜ ਦਿਤੇ ਹਨ। ਪਰ ਹੁਣ ਬਾਰਿਸ਼ ਨੇ ਦੂਜੀ ਵਾਰ ਰਿਕਾਰਡ ਤੋੜ ਦਿਤਾ ਹੈ। ਅੰਮ੍ਰਿਤਸਰ ਤੋਂ ਇਲਾਵਾ ਪਠਾਨਕੋਟ ਵਿਚ 14.1 ਐਮ.ਐਮ., ਫਰੀਦਕੋਟ ਵਿਚ 24.8 ਐਮ.ਐਮ., ਗੁਰਦਾਸਪੁਰ ਵਿਚ 26.7 ਐਮ.ਐਮ., ਫਿਰੋਜ਼ਪੁਰ ਵਿਚ 16 ਐਮ.ਐਮ. ਮੀਂਹ ਦਰਜ ਕੀਤਾ ਗਿਆ। ਚੰਡੀਗੜ੍ਹ ਅਤੇ ਮੋਹਾਲੀ 'ਚ ਵੀ ਮੀਂਹ ਪਿਆ ਹੈ। ਮਾਝਾ ਖੇਤਰ ਵਿਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿਚ ਤਾਪਮਾਨ ਵਿਚ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਹੇਠਾਂ ਚਲਾ ਗਿਆ। ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।