'ਆਪ' ਆਗੂ ਮਲਵਿੰਦਰ ਕੰਗ ਦਾ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਰਾਰਾ ਜਵਾਬ

ਚੰਡੀਗੜ੍ਹ, 22 ਦਸੰਬਰ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 'ਆਪ ਮਾਡਲ ਬਨਾਮ ਕਾਂਗਰਸ ਮਾਡਲ' 'ਤੇ ਦਿੱਤੇ ਬਿਆਨ 'ਤੇ ਆਮ ਆਦਮੀ ਪਾਰਟੀ (ਆਪ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਾਂਗਰਸ 'ਤੇ ਹਮਲਾ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਜਿਸ ਕਾਂਗਰਸ ਮਾਡਲ ਦੀ ਗੱਲ ਕਰ ਰਹੇ ਹਨ, ਉਸ ਦੀ ਅਸਲੀਅਤ ਇਹ ਹੈ ਕਿ ਕਾਂਗਰਸ ਦੇ ਤਿੰਨ ਸਾਬਕਾ ਮੰਤਰੀ ਜੇਲ੍ਹ ਵਿੱਚ ਹਨ। ਇੱਕ ਮੁੱਖ ਮੰਤਰੀ (ਚਰਨਜੀਤ ਸਿੰਘ ਚੰਨੀ) ਚੋਣਾਂ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ ਅਤੇ ਇੱਕ (ਕੈਪਟਨ ਅਮਰਿੰਦਰ ਸਿੰਘ) ਭਾਜਪਾ ਵਿੱਚ ਸ਼ਾਮਲ ਹੋ ਗਿਆ। ਕੰਗ ਨੇ ਕਿਹਾ ਕਿ ਕਾਂਗਰਸ ਮਾਡਲ ਨੇ ਪੰਜਾਬ ਨੂੰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਡੁੱਬੋ ਦਿੱਤਾ ਹੈ। ਮਾਫੀਆ ਅਤੇ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਅਤੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ। ਪਿਛਲੀਆਂ ਸਰਕਾਰਾਂ ਦੀਆਂ ਕਰਤੂਤਾਂ ਦਾ ਨਤੀਜਾ ਅੱਜ ਪੰਜਾਬ ਦੇ ਨੌਜਵਾਨ ਭੁਗਤ ਰਹੇ ਹਨ। ਹੁਣ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਫ਼ ਸੁਥਰੀ ਤੇ ਇਮਾਨਦਾਰ ਸਰਕਾਰ ਮਿਲੀ ਹੈ। ਮਾਨ ਸਰਕਾਰ ਅਪਰਾਧੀਆਂ ਅਤੇ ਮਾਫੀਆ 'ਤੇ ਸ਼ਿਕੰਜਾ ਕੱਸ ਰਹੀ ਹੈ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੀ ਹੈ। ਅਸਲ ਵਿੱਚ ਅਕਾਲੀ-ਕਾਂਗਰਸੀ ਮਾਨ ਸਰਕਾਰ ਦੇ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ, ਇਸ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ।