ਚੰਡੀਗੜ੍ਹ, 11 ਅਗਸਤ 2024 : ਮੋਹਾਲੀ ਦੇ ਸੈਕਟਰ 70 ਸਥਿਤ ਮੈਰੀਟੋਰੀਅਸ ਸਕੂਲ 'ਚ 7 ਵਿਦਿਆਰਥਣਾਂ ਦਮ ਘੁੱਟਣ ਕਾਰਨ ਬੇਹੋਸ਼ ਹੋ ਗਈਆਂ ਹਨ। ਇਨ੍ਹਾਂ ਵਿਚੋਂ 5 ਵਿਦਿਆਰਥਣਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਅਗਵਾਈ ਹੇਠਲੇ ਮੈਰੀਟੋਰੀਅਸ ਸਕੂਲ ਨਾਲ ਸਬੰਧਤ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੰਗਰੂਰ 'ਚ ਜਿਥੇ ਘਟੀਆ ਖਾਣੇ ਨੂੰ ਲੈ ਕੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਮੈਰੀਟੋਰੀਅਸ ਸਕੂਲ ਦੇ ਹਾਲਾਤ ਬਿਆਨ ਕੀਤੇ ਸਨ, ਉਥੇ ਘਾਬਦਾਂ ਦੇ ਇਸ ਸਕੂਲ ਦੀ ਇੱਕ ਘਟਨਾ 'ਚ ਹੋਸਟਲ ਦੇ ਇੱਕ ਵਿਦਿਆਰਥੀ ਵੱਲੋਂ ਆਪਣੀ ਜੀਵਨਲੀਲ੍ਹਾ ਵੀ ਸਮਾਪਤ ਕੀਤੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਸੀ। ਹੁਣ ਮੋਹਾਲੀ ਦੇ ਸੈਕਟਰ 70 'ਚ ਮੈਰੀਟੋਰੀਅਸ ਸਕੂਲ ਦੇ ਹੋਸਟਲ ਦੀਆਂ 7 ਵਿਦਿਆਰਥਣਾਂ ਬੇਹੋਸ਼ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਦਮ ਘੁੱਟਣ ਕਾਰਨ ਬੇਹੋਸ਼ ਹੋਈਆਂ ਹਨ। ਕਿਉਂਕਿ ਇਥੇ ਗਰਮੀਆਂ ਦੇ ਮੌਸਮ ਹੋਣ ਕਾਰਨ ਵੀ ਦੋ ਦਿਨਾਂ ਤੋਂ ਨਾ ਤਾਂ ਵਿਦਿਆਰਥੀਆਂ ਨੂੰ ਪਾਣੀ ਦਾ ਪ੍ਰਬੰਧ ਮਿਲ ਰਿਹਾ ਹੈ ਅਤੇ ਨਾ ਹੀ ਬਿਜਲੀ ਮਿਲ ਰਹੀ ਹੈ। ਹੋਸਟਲਾਂ 'ਚ ਵਿਦਿਆਰਥੀ ਬਿਨਾਂ ਬਿਜਲੀ ਅਤੇ ਪਾਣੀ ਤੋਂ ਰਹਿਣ ਲਈ ਮਜਬੂਰ ਹਨ। ਬੇਹੋਸ਼ ਹੋਈਆਂ 7 ਵਿਦਿਆਰਥਣਾਂ 'ਚੋਂ 5 ਨੂੰ 6 ਫੇਜ਼ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦੇ ਇੱਕ ਕਮਰੇ ਵਿੱਚ ਚਾਰ ਕੁੜੀਆਂ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਦਮ ਘੁੱਟਿਆ ਜਾਣ ਲੱਗਾ ਅਤੇ ਉਹ ਬੇਹੋਸ਼ ਹੋ ਗਈਆਂ।