ਸਰਕਾਰੀ ਸਕੂਲਾਂ ਵਿੱਚ 2000 ਪੀਟੀਆਈ ਅਧਿਆਪਕ ਤੇ ਸਿਹਤ ਵਿਭਾਗ 'ਚ 822 ਪੋਸਟਾਂ ਦੀ ਭਰਤੀ ਹੋਵੇਗੀ : ਹਰਪਾਲ ਸਿੰਘ ਚੀਮਾ 

ਚੰਡੀਗੜ੍ਹ,  13 ਫਰਵਰੀ 2025 : ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਵਿਸ਼ੇਸ਼ ਇਜਲਾਸ 24 ਤੇ 25 ਫਰਵਰੀ ਨੂੰ 2 ਦਿਨ ਚੱਲੇਗਾ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 2 ਰੋਜ਼ਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਸੂਬਾ ਭਰ ਵਿੱਚ 3000 ਨਵੀਆਂ ਅਸਾਮੀਆਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਖਿਡਾਰੀਆਂ ਨੂੰ ਸੱਟਾਂ ਤੋਂ ਬਚਾਉਣ ਅਤੇ ਤੰਦਰੁਸਤ ਰੱਖਣ ਲਈ ਖੇਡਾਂ ਦੇ ਖੇਤਰ ਵਿੱਚ 13 ਨਵੇਂ ਡਾਕਟਰ ਭਰਤੀ ਕਰਨ ਬਾਰੇ ਵੀ ਅਹਿਮ ਫ਼ੈਸਲਾ ਕੀਤਾ ਗਿਆ ਹੈ। 822 ਅਸਾਮੀਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਚ 2000 ਪੀਟੀਆਈ ਅਧਿਆਪਕ ਭਰਤੀ ਹੋਵੇਗੀ ਭਰਤੀ, ਸਿਹਤ ਵਿਭਾਗ 'ਚ 822 ਪੋਸਟਾਂ 'ਤੇ ਹੋਵੇਗੀ ਭਰਤੀ, ਆਬਕਾਰੀ ਅਤੇ ਕਰ ਵਿਭਾਗ 'ਚ 53 ਅਸਾਮੀਆਂ ਲਈ ਭਰਤੀ, 13 ਡਾਕਟਰਾਂ ਦੀ ਵੀ ਹੋਵੇਗੀ ਭਰਤੀ, ਖਿਡਾਰੀਆਂ ਲਈ ਸਪੈਸ਼ਲ ਡਾਕਟਰ ਹੋਣਗੇ, NRIs ਦੇ ਮਾਮਲੇ ਹੱਲ ਕਰਨ ਲਈ 6 ਬਣਨਗੀਆਂ ਅਦਾਲਤਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਕੈਬਿਨਟ ਨੇ ਇੱਕ ਹੋਰ ਅਹਿਮ ਫੈਸਲਾ ਕਰਦੇ ਹੋਏ ਪੰਜਾਬ ਦੇ ਪੇਂਡੂ ਖੇਤਰ 'ਚ ਚੌਂਕੀਦਾਰਾਂ ਦੇ ਮਾਣ ਭੱਤੇ 'ਚ ਵਾਧਾ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਚੌਂਕੀਦਾਰਾਂ ਦੇ ਭੱਤੇ 'ਚ 250 ਰੁਪਏ ਦਾ ਵਾਧਾ ਕੀਤਾ ਗਿਆ ਹੈ।