ਕੋਨੇਰੂ ਹੰਪੀ ਨੇ ਦੂਜੀ ਵਾਰ ਜਿੱਤਿਆ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ

ਨਵੀਂ ਦਿੱਲੀ, 29 ਦਸੰਬਰ 2024 : ਭਾਰਤੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਨੇ ਐਤਵਾਰ ਨੂੰ ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਉਸ ਨੇ ਇੰਡੋਨੇਸ਼ੀਆ ਦੀ ਆਇਰੀਨ ਸੁਕੰਦਰ ਨੂੰ ਹਰਾ ਕੇ ਖਿਤਾਬ ਜਿੱਤਿਆ। ਸਾਲ 2024 ਦੇ ਅੰਤ ਤੋਂ ਪਹਿਲਾਂ ਭਾਰਤ ਨੂੰ ਸ਼ਤਰੰਜ ਵਿਚ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਐਤਵਾਰ ਨੂੰ 37 ਸਾਲਾ ਕੋਨੇਰੂ ਹੰਪੀ ਨੇ ਐਫ਼.ਆਈ.ਡੀ.ਈ ਵਰਲਡ ਰੈਪਿਡ ਚੈਂਪੀਅਨਸ਼ਿਪ 2024 ਦਾ ਖ਼ਿਤਾਬ ਜਿੱਤਿਆ। ਉਸ ਨੇ 11ਵੇਂ ਰਾਊਾਡ 'ਚ ਆਇਰੀਨ ਸੁਕੰਦਰ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਕੋਨੇਰੂ ਨੇ ਦੂਜੀ ਵਾਰ ਵਿਸ਼ਵ ਰੈਪਿਡ ਖ਼ਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ 2019 'ਚ ਉਨ੍ਹਾਂ ਮਾਸਕੋ 'ਚ ਇਹ ਖ਼ਿਤਾਬ ਜਿੱਤਿਆ ਸੀ। ਫਿਰ 2024 'ਚ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਹੰਪੀ ਚੀਨ ਦੇ ਜੂ ਵੇਨਜੁਨ ਦੇ ਕਲੱਬ 'ਚ ਦਾਖ਼ਲ ਹੋ ਗਈ, ਜਿਸ ਨੇ ਇਕ ਤੋਂ ਵੱਧ ਵਾਰ ਇਕ ਫ਼ਾਰਮੈਟ 'ਚ ਖ਼ਿਤਾਬ ਜਿੱਤਿਆ। ਹੰਪੀ ਦੀ ਜਿੱਤ ਇਸ ਸਾਲ ਭਾਰਤ ਦੀਆਂ ਜ਼ਿਕਰਯੋਗ ਸ਼ਤਰੰਜ ਉਪਲਬਧੀਆਂ 'ਚ ਸ਼ਾਮਲ ਹੋ ਗਈ ਹੈ, ਇਸ ਤੋਂ ਪਹਿਲਾਂ ਸਿੰਗਾਪੁਰ ਵਿਚ ਕਲਾਸਿਕਲ ਫ਼ਾਰਮੈਟ ਵਿਸ਼ਵ ਚੈਂਪੀਅਨਸ਼ਿਪ 'ਚ ਡੀ ਗੁਕੇਸ਼ ਨੇ ਚਾਇਨਾ ਡਿੰਗ ਲੀਰੇਨ 'ਤੇ ਜਿੱਤ ਹਾਸਲ ਕੀਤੀ ਸੀ। ਭਾਰਤ ਦੀ ਇਹ ਨੰਬਰ ਇਕ ਮਹਿਲਾ ਸ਼ਤਰੰਜ ਖਿਡਾਰਨ ਚੀਨ ਦੀ ਜ਼ੂ ਵੇਨਜੁਨ ਤੋਂ ਬਾਅਦ ਇਕ ਤੋਂ ਵੱਧ ਵਾਰ ਇਹ ਖਿਤਾਬ ਜਿੱਤਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਸ਼ਤਰੰਜ ਖਿਡਾਰਨ ਹੈ। ਕੋਨੇਰੂ ਦਾ ਜਨਮ 31 ਮਾਰਚ 1987 ਨੂੰ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦੇ ਪਿਤਾ ਅਸ਼ੋਕ ਕੋਨੇਰੂ ਵੀ ਸ਼ਤਰੰਜ ਦੇ ਖਿਡਾਰੀ ਹਨ। ਉਹ ਚਾਹੁੰਦਾ ਸੀ ਕਿ ਉਸਦੀ ਧੀ ਵੀ ਸ਼ਤਰੰਜ ਖੇਡੇ ਅਤੇ ਜੇਤੂ ਬਣੇ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਬੇਟੀ ਦਾ ਨਾਂ ਵੀ ਹੰਪੀ ਰੱਖਿਆ, ਜਿਸ ਦਾ ਮਤਲਬ ਹੈ ਜੇਤੂ। ਹੁਣ ਹੰਪੀ ਨੇ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ। ਵਰਤਮਾਨ ਵਿੱਚ ਹੰਪੀ ONGC ਵਿੱਚ ਮੁੱਖ ਪ੍ਰਬੰਧਕ ਹੈ ਅਤੇ ਉਸਦਾ ਪਤੀ ਅਵਨੇਸ਼ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਹੈ। ਹੰਪੀ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਉਸ ਦੇ ਪਿਤਾ ਅਸ਼ੋਕ ਕੋਨੇਰੂ ਦਾ ਅਹਿਮ ਯੋਗਦਾਨ ਸੀ। ਆਪਣੀ ਧੀ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਉਸ ਨੇ ਨੌਕਰੀ ਛੱਡ ਕੇ ਹੰਪੀ ਨੂੰ ਸ਼ਤਰੰਜ ਦੇ ਗੁਰ ਸਿਖਾਉਣੇ ਸ਼ੁਰੂ ਕਰ ਦਿੱਤੇ ਸਨ। ਹੰਪੀ ਨੇ ਛੇ ਸਾਲ ਦੀ ਉਮਰ ਵਿੱਚ ਖੇਡਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਆਪਣੇ ਪਿਤਾ ਦੀ ਸਖ਼ਤ ਮਿਹਨਤ ਅਤੇ ਹੁਨਰ ਦੀ ਬਦੌਲਤ ਹੰਪੀ ਨੇ ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਸ਼ਤਰੰਜ ਵਿੱਚ ਤਿੰਨ ਰਾਸ਼ਟਰੀ ਪੱਧਰ ਦੇ ਸੋਨ ਤਗਮੇ ਜਿੱਤੇ ਸਨ। ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਤੋਂ ਬਾਅਦ ਹੰਪੀ ਨੇ ਕਿਹਾ, ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਬਹੁਤ ਖੁਸ਼ ਹਾਂ। ਅਸਲ ਵਿੱਚ ਮੈਨੂੰ ਉਮੀਦ ਸੀ ਕਿ ਇਹ ਇੱਕ ਬਹੁਤ ਔਖਾ ਦਿਨ ਹੋਵੇਗਾ, ਜਿਵੇਂ ਕਿ ਕਿਸੇ ਕਿਸਮ ਦਾ ਟਾਈ-ਬ੍ਰੇਕ। ਪਰ ਜਦੋਂ ਮੈਂ ਖੇਡ ਖਤਮ ਕੀਤੀ ਤਾਂ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਆਰਬਿਟਰ ਨੇ ਮੈਨੂੰ ਦੱਸਿਆ ਅਤੇ ਇਹ ਮੇਰੇ ਲਈ ਤਣਾਅਪੂਰਨ ਪਲ ਸੀ। ਇਸ ਲਈ ਇਹ ਕਾਫ਼ੀ ਅਚਨਚੇਤ ਹੈ ਕਿਉਂਕਿ ਮੈਂ ਸਾਰਾ ਸਾਲ ਬਹੁਤ ਸੰਘਰਸ਼ ਕੀਤਾ ਹੈ ਅਤੇ ਮੇਰੇ ਕੋਲ ਬਹੁਤ ਮਾੜੇ ਟੂਰਨਾਮੈਂਟ ਰਹੇ ਹਨ ਜਿੱਥੇ ਮੈਂ ਆਖਰੀ ਸਥਾਨ 'ਤੇ ਰਿਹਾ ਹਾਂ। ਇਸ ਲਈ ਇਹ ਮੇਰੇ ਲਈ ਹੈਰਾਨੀਜਨਕ ਹੈ।

ਪੀਐਮ ਮੋਦੀ ਨੇ ਚੈਂਪੀਅਨ ਹੰਪੀ ਨੂੰ ਦਿੱਤੀ ਵਧਾਈ
ਹੰਪੀ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ - 2024 FIDE ਮਹਿਲਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਜਿੱਤਣ 'ਤੇ ਹੰਪੀ ਕੋਨੇਰੂ ਨੂੰ ਵਧਾਈਆਂ। ਉਸਦੀ ਲਗਨ ਅਤੇ ਪ੍ਰਤਿਭਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਇਹ ਜਿੱਤ ਹੋਰ ਵੀ ਇਤਿਹਾਸਕ ਹੈ ਕਿਉਂਕਿ ਇਹ ਉਸਦਾ ਦੂਜਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਖਿਤਾਬ ਹੈ, ਜਿਸ ਨਾਲ ਉਹ ਇਹ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਬਣ ਗਈ ਹੈ।