ਪਟਿਆਲਾ 15, ਫਰਵਰੀ : ਪਟਿਆਲਾ-ਸੰਗਰੂਰ ਰੋਡ ‘ਤੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਅਰਸ਼ਪ੍ਰੀਤ ਸਿੰਘ (ਵਾਸੀ ਹੁਸ਼ਿਆਰਪੁਰ) ਅਤੇ ਅੰਸ਼ੁਲ ਚਲਾਨਾ ਜੋ ਕਿ ਗੰਗਾਨਗਰ ਦਾ ਰਹਿਣ ਵਾਲਾ ਸੀ, ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇੰਟਰਨਸ਼ਿਪ ਕਰ ਰਹੇ ਸਨ। ਤਿੰਨ ਨੌਜਵਾਨ ਆਪਣੀ ਗੱਡੀ ਵਿੱਚ ਸਵਾਰ ਸਨ ਅਤੇ ਗੱਡੀ ਇਕ ਖੜੇ ਕੈਂਟਰ ਵਿਚ ਜਾ ਟਕਰਾਈ ਜਿਸ ਕਰਕੇ ਇਸ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਚੌਕੀ ਮਾਡਲ ਟਾਊਨ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਰਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ। ਮਾਡਲ ਟਾਊਨ ਪੁਲਿਸ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰਸ਼ਦੀਪ ਦੇ ਪਿਤਾ ਪਰਦੀਪ ਸਿੰਘ ਅਤੇ ਆਯੂਸ਼ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆ ਗਈਆ ਹਨ। ਜਾਣਕਾਰੀ ਅਨੁਸਾਰ ਉਕਤ ਤਿੰਨੋ ਡਾਕਟਰ ਦੋਸਤ ਸਨ ਅਤੇ ਹਾਲ ਹੀ ’ਚ ਐਮਬੀਬੀਐਸ ਕਰਨ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇੰਟਰਨਸ਼ਿਪ ਕਰ ਰਹੇ ਸਨ ਅਤੇ ਹਸਪਤਾਲ ਦੇ ਨੇੜੇ ਲਾਲ ਬਾਗ ਕਾਲੋਨੀ ਵਿੱਚ ਪੀਜੀ ਵਿਚ ਰਹਿੰਦੇ ਸਨ। ਇਹ ਤਿੰਨੋਂ 14 ਫਰਵਰੀ ਰਾਤ ਨੂੰ ਕਾਰ ਲੈ ਕੇ ਸੈਰ ਕਰਨ ਅਤੇ ਖਾਣ-ਪੀਣ ਲਈ ਨਿੱਕਲੇ ਸਨ। ਜਦੋਂ ਇਹ ਕਾਰ ਸਵਾਰ ਪਸਿਆਣਾ ਪੁਲ਼ ਤੋਂ ਰਾਜਿੰਦਰਾ ਹਸਪਤਾਲ ਵੱਲ ਆ ਰਹੇ ਸਨ ਤਾਂ ਐਵੀਏਸ਼ਨ ਕਲੱਬ ਨੇੜੇ ਇੱਕ ਕੈਂਟਰ ਐਕਸਲ ਟੁੱਟਣ ਕਾਰਨ ਸੜਕ ਦੇ ਕਿਨਾਰੇ ਖੜ੍ਹਾ ਸੀ। ਕੈਂਟਰ ਦੇ ਪਿੱਛੇ ਰਿਫਲੈਕਟਰ ਠੀਕ ਤਰ੍ਹਾਂ ਨਾ ਹੋਣ ਕਾਰਨ ਇਹ ਕਾਰ ਸਵਾਰ ਕੈਂਟਰ ਨੂੰ ਦੇਖ ਨਾ ਸਕੇ ਅਤੇ ਸਪੀਡ ਜ਼ਿਆਦਾ ਹੋਣ ’ਤੇ ਕਾਰ ਸੰਤੁਲਨ ਗੁਆ ਬੈਠੀ ਅਤੇ ਕੈਂਟਰ ਨਾਲ ਸਿੱਧੀ ਟਕਰਾਅ ਗਈ, ਜਿਸ ਕਾਰਨ ਅਰਸ਼ਦੀਪ ਅਤੇ ਆਯੂਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।