ਤਰਨਤਾਰਨ ‘ਚ ਵਾਪਰੇ ਭਿਆਨਕ ਸੜਕ ਹਾਦਸਿਆਂ ਵਿੱਚ ਮਾਂ-ਪੁੱਤ ਸਮੇਤ ਤਿੰਨ ਦੀ ਮੌਤ 

ਤਰਨਤਾਰਨ, 02 ਜੂਨ : ਤਰਨਤਾਰਨ ‘ਚ ਦੋ ਵੱਖ ਵੱਖ ਵਾਪਰੇ ਭਿਆਨਕ ਸੜਕ ਹਾਦਸਿਆਂ ਵਿੱਚ ਮਾਂ-ਪੁੱਤ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਘਟਨਾਂ ਪਿੰਡ ਘਸੀਟਪੁਰਾ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਹਾਦਸਾ ਪੱਟੀ ਸੜਕ ਵਾਪਰਿਆ ਜਿੱਥੇ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਤਨਾਮ ਸਿੰਘ ਸੱਤਾ ਵਾਸੀ ਪਿੰਡ ਦੌਲੇਵਾਲ ਨੇ ਦੱਸਿਆ ਕਿ ਉਸਦੀ ਭਾਬੀ ਸੁਖਵਿੰਦਰ ਕੌਰ ਉਸਦੇ ਭਤੀਜੇ ਅੰਮ੍ਰਿਤਪਾਲ ਸਿੰਘ ਅਤੇ ਹਰਮਨ ਸਿੰਘ ਨਾਲ ਦਵਾਈ ਲੈਣ ਲਈ ਮੋਟਸਾਈਕਲ ਤੇ ਸਵਾਰ ਹੋ ਕੇ ਪਿੰਡ ਕੰਗ ਵਾਲੀ ਸਾਇਡ ਨੂੰ ਗਏ ਸਨ, ਜਦੋਂ ਉਹ ਪਿੰਡ ਘਸੀਟਪੁਰਾ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਟਾਟਾ ਏਸ ਟੈਪੂ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋ ਸੜਕ ਤੇ ਜਾ ਡਿੱਗੇ ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਹਾਦਸੇ ਕਾਰਨ ਉਸਦੇ ਭਤੀਜੇ ਅੰਮ੍ਰਿਤਪਾਲ ਸਿੰਘ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜੇ ਭਤੀਜੇ ਹਰਮਨ ਸਿੰਘ ਤੇ ਭਾਬੀ ਸੁਖਵਿੰਦਰ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਭਾਬੀ ਸੁਖਵਿੰਦਰ ਕੌਰ ਨੇ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮਤੋੜ ਦਿੱਤਾ। ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟੈਪੂ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਵਾਰਸ਼ਾਂ ਦੇ ਹਵਾਲੇ ਕਰਦਿੱਤਾ ਗਿਆ ਹੈ। ਦੂਸਰੇ ਸੜਕ ਹਾਦਸੇ ਦੇ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਵਾਸੀ ਸਹਾਰਨਪੁਰ ਜੋ ਹੁਣ ਪਿੰਡ ਲੋਹੇਕਾ ਵਿਖੇ ਰਹਿੰਦਾ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਰਾਤ ਕਰੀਬ 8 ਵਜੇ ਪਿੰਡ ਜੰਡੋਕੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਲੋਹੁਕਾ ਜਾ ਰਹੇ ਸਨ. ਜਦੋਂ ਉਹ ਪੱਟੀ ਸੜਕ ਤੇ ਚੜ੍ਹਨ ਲੱਗੇ ਤਾਂ ਇੱਕ ਬਲੈਰੋ ਮੈਕਸੀ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਸੜਕ ਤੇ ਜਾ ਡਿੱਗੇ ਅਤੇ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਸਦੇ ਸਾਥੀ ਕਿਸ਼ਨ ਸਿੰਘ ਦੇ ਸਿਰ ਅਤੇ ਲੱਤਾਂ ਵਿੱਚ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੁੰ ਮ੍ਰਿਤਕ  ਐਲਾਨ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਨੌਸ਼ਹਿਰਾ ਪੰਨੂਆਂ ਚੌਂਕੀ ਦੇ ਇੰਚਾਰਜ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਲੈਰੋ ਮੈਕਸੀ ਚਾਲਕ ਮੇਜਰ ਸਿੰਘ ਵਾਸੀ ਲੋਹੁਕਾ ਖਿਲਾਫ ਕੇਸ ਦਰਜ ਕਰਲਿਆ ਗਿਆ ਹੈ।