ਜਲੰਧਰ, 15 ਜਨਵਰੀ : ਭਾਰਤ ਜੋੜੋ ਯਾਤਰਾ ਖਾਲਸਾ ਕਾਲਜ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਵਿਖੇ ਮੱਥਾ ਟੇਕਿਆ। ਮੰਦਿਰ ਪੁਜਾਰੀ ਨੇ ਰਾਹੁਲ ਗਾਂਧੀ ਨੂੰ ਤਿਲਕ ਲਾਇਆ ਅਤੇ ਅਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਕਾਰਨ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਜਲੰਧਰ ਦੇ ਖਾਲਸਾ ਕਾਲਜ ਗਰਾਊਂਡ ਤੋਂ ਮੁੜ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਦੁਪਹਿਰ 3 ਵਜੇ ਦੇ ਕਰੀਬ ਜਦੋਂ ਮਾਰਚ ਮੁੜ ਸ਼ੁਰੂ ਹੋਇਆ। ਇਸ ਦੌਰਾਨ ਅਵਤਾਰ ਹੈਨਰੀ, ਬਾਵਾ ਹੈਨਰੀ ਵੱਲੋਂ ਰਾਹੁਲ ਗਾਂਧੀ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਰਾਹੁਲ ਗਾਂਧੀ ਦੀ ਅੱਜ ਦੀ ਯਾਤਰਾ ਨੂੰ ਜਲੰਧਰ ਵਿਚ ਭਰਵਾਂ ਹੁੰਗਾਰਾ ਮਿਲਿਆ। ਅੱਜ ਦੀ ਯਾਤਰਾ ਬੀ. ਐੱਸ. ਐੱਫ਼. ਚੌਂਕ ਜਲੰਧਰ, ਦੋਮੋਰੀਆ ਪੁਲ, ਪਠਾਨਕੋਟ ਚੌਂਕ, ਰੇਰੂ ਨੂਰਪੁਰ ਤੋਂ ਹੁੰਦੇ ਹੋਏ ਡੇਰਾ ਬੱਲਾ ਵਿਖੇ ਸ਼ਾਮ 6 ਵਜੇ ਸਮਾਪਤੀ ਹੋਵੇਗੀ।
- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਾਰਤ ਜੋੜੋ ਯਾਤਰਾ 'ਚ ਹੋਏ ਸ਼ਾਮਲ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋ ਗਏ। ਉਹ ਜਲੰਧਰ ਤੋਂ ਸ਼ੁਰੂ ਹੋਈ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਹੱਥ ਵਿਚ ਹੱਥ ਫੜ ਕੇ ਤੁਰਦੇ ਨਜ਼ਰ ਆਏ। ਇਹ ਯਾਤਰਾ ਆਦਮਪੁਰ ਵਿਚ ਰਾਤ ਲਈ ਠਹਿਰੇਗੀ। ਯਾਦ ਰਹੇ ਕਿ ਬਲਕੌਰ ਸਿੰਘ ਨੇ ਕੁਝ ਸਮਾਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦਾ ਇਨਸਾਫ ਲੈਣ ਲਈ ਰਾਜਨੀਤੀ ਵਿਚ ਸ਼ਾਮਲ ਹੋ ਸਕਦੇ ਹਨ। ਸਿੱਧੂ ਮੂਸੇਵਾਲਾ ਆਪ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਪਰ ਉਹ ਵਿਜੇ ਸਿੰਗਲਾ ਹੱਥੋਂ ਚੋਣ ਹਾਰ ਗਏ ਸਨ।
- ਕਾਂਗਰਸ ਨੇ ਕੀਤਾ ਟਵੀਟ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਅੱਜ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ, ਜੋ ਕਿ ਪੰਜਾਬ 'ਚ ਚੱਲ ਰਹੀ ਹੈ। ਪਾਰਟੀ ਨੇ ਬਲਕੌਰ ਸਿੰਘ ਸਿੱਧੂ ਦੀ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਵੀਡੀਓ ਟਵੀਟ ਕੀਤਾ ਹੈ। "ਅੱਜ ਭਾਰਤ ਜੋੜੋ-ਯਾਤਰਾ ਬਲਕੌਰ ਸਿੰਘ ਸਿੱਧੂ ਜੀ, ਪ੍ਰਸਿੱਧ ਪੰਜਾਬੀ ਗਾਇਕ ਸਵਰਗੀ ਸਿੱਧੂ ਮੂਸੇਵਾਲਾ ਦੇ ਪਿਤਾ, ਰਾਹੁਲ ਗਾਂਧੀ ਜੀ ਦੇ ਨਾਲ ਨਫ਼ਰਤ, ਡਰ ਅਤੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਨੂੰ ਕਰਾਰਾ ਜਵਾਬ ਦਿੰਦੇ ਹਨ। ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਮਾਨਸਾ, ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਸੀ," ਕਾਂਗਰਸ ਨੇ ਟਵੀਟ ਕੀਤਾ।