ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵੱਖਵਾਦੀਆਂ ਅਤੇ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਪ੍ਰਤੀ ਆਮ ਆਦਮੀ ਪਾਰਟੀ ਸਰਕਾਰ ਦੀ ਨਰਮ ਰਵੱਈਏ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ 29 ਸਤੰਬਰ ਨੂੰ ਪਲੇਨ ਹਾਈਜੈਕ ਦੀ ਬਰਸੀ 'ਤੇ ਹੁਸ਼ਿਆਰਪੁਰ 'ਚ ਕੱਢੇ ਗਏ 'ਆਜ਼ਾਦੀ' ਮਾਰਚ ਦਾ ਜ਼ਿਕਰ ਕੀਤਾ, ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। ਇੱਥੇ ਜਾਰੀ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਬੁਰਾ ਹੋਣ ਦਾ ਡਰ ਸੀ, ਬੁਰਾ ਹੋ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਖਾਲਿਸਤਾਨੀ ਸਬੰਧਾਂ ਬਾਰੇ ਚੇਤਾਵਨੀ ਦਿੱਤੀ ਸੀ, ਜਿਸਦੀ ਪੁਸ਼ਟੀ ਗੁਰਪਤਵੰਤ ਸਿੰਘ ਪੰਨੂ ਨੇ ਕੀਤੀ। ਉਸਨੇ ਚੋਣਾਂ ਵਿਚ 'ਆਪ' ਦੀ ਵਿੱਤੀ ਮਦਦ ਕੀਤੀ। ਇੱਥੋਂ ਤਕ ਕਿ 'ਆਪ' ਨੇ ਵੀ ਪੰਨੂ ਦੇ ਦਾਅਵਿਆਂ ਤੋਂ ਕਦੇ ਇਨਕਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਵੱਖਵਾਦੀ ਤਾਕਤਾਂ ਇੱਕ ਵਾਰ ਫਿਰਤੋਂ ਸਿਰ ਚੁੱਕ ਰਹੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਪੁੱਛਿਆ ਕਿ ਉਹ ਇਸ ਬਾਰੇ ਕੀ ਕਰ ਰਹੇ ਹਨ। ਹਾਲ ਹੀ ਵਿੱਚ ਵੜਿੰਗ ਨੇ ਡੀਜੀਪੀ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਅਜਿਹੀਆਂ ਗਤੀਵਿਧੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਜਿਸ ਨਾਲ ਪੰਜਾਬ ਵਿੱਚ ਕਾਲੇ ਦਿਨਾਂ ਦੀਆਂ ਦੁਖਦ ਯਾਦਾਂ ਤਾਜ਼ਾ ਹੋ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਉਸ ਦੌਰ ਨੂੰ ਦੁਬਾਰਾ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਸਾਨੂੰ ਅਜਿਹਾ ਦੁਬਾਰਾ ਨਹੀਂ ਹੋਣ ਦੇਣਾ ਚਾਹੀਦਾ। ਇਸ ਸਬੰਧੀ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੰਜਾਬ ਕਾਂਗਰਸ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ 40 ਸਾਲ ਪਹਿਲਾਂ ਵੱਲੋਂ ਪਲੇਨ ਹਾਈਜੈਕ ਦੀ ਬਰਸੀ ਮੌਕੇ 29 ਸਤੰਬਰ ਨੂੰ ਕੱਢੇ ਗਏ ਅਖੌਤੀ ‘ਆਜ਼ਾਦੀ’ ਮਾਰਚ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਹਾਈਜੈਕ ਕਰਨਾ ਜਸ਼ਨ ਮਨਾਉਣ ਵਾਲਾ ਕੰਮ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਇਹ ਡਰ ਵੱਧ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਅਜਿਹੀਆਂ ਤਾਕਤਾਂ ਨਾਲ ਮਿਲੀਭੁਗਤ ਹੈ। ਉਨ੍ਹਾਂ ਨੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਜੋ ਵੱਖਵਾਦੀ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ ਅਤੇ ਸਿੱਖ ਧਰਮ ਦੇ ਨਾਂ 'ਤੇ ਵੱਖ-ਵੱਖ ਭਾਈਚਾਰਿਆਂ ਵਿਚ ਫੁੱਟ ਪਾ ਰਹੇ ਹਨ, ਜੋ ਕਿ ਸਾਰੇ ਲੋਕਾਂ ਵਿਚ ਸ਼ਾਂਤੀ ਅਤੇ ਸਦਭਾਵਨਾ ਦੀ ਸਿੱਖਿਆ ਦਿੰਦਾ ਹੈ।