ਜਲੰਧਰ, 05 ਅਪ੍ਰੈਲ : ਸਿਵਲ ਲਾਈਨ ਵਿੱਚ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ਵਿੱਚੋਂ ਇੱਕ ਲੁਟੇਰੇ ਕੈਸ਼ ਜਮ੍ਹਾ ਕਰਵਾਉਣ ਆਏ ਇੱਕ ਬਜ਼ੁਰਗ ਵਿਅਕਤੀ ਤੋਂ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਊਚਰ ਵਿੱਚ ਗਲਤੀ ਦੱਸੀ। ਜਮ੍ਹਾ ਕਰਵਾਉਣ ਦਾ ਕਹਿ ਕੇ ਉਹ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ 80 ਸਾਲਾ ਵਿਜੇ ਚੋਪੜਾ ਰੋਜ਼ਾਨਾ ਦੀ ਤਰ੍ਹਾਂ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ 'ਚ ਨਕਦੀ ਜਮ੍ਹਾ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਠੇ ਇੱਕ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸ ਦੇ ਹੋਏ ਬਜ਼ੁਰਗ ਵਿਜੇ ਚੋਪੜਾ ਨੂੰ ਕਿਹਾ ਕਿ ਤੁਸੀਂ ਵਾਊਚਰ ਸਹੀ ਢੰਗ ਨਾਲ ਨਹੀਂ ਭਰਿਆ। ਬਜੁਰਗ ਨੂੰ ਕਿਹਾ ਕਿ ਕੈਸ਼ ਦੇ ਦਿਓ, ਉਹ ਕਾਊਂਟਰ 'ਤੇ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਲੁਟੇਰੇ ਕਾਊਂਟਰ 'ਤੇ ਜਾਣ ਦੀ ਬਜਾਏ ਸਿੱਧਾ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਏ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਨਕਦੀ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸਨ। ਬੈਂਕ ਵਿੱਚ ਗਾਹਕ ਤੋਂ ਲੁੱਟ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੇਖਿਆ ਗਿਆ।