ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਬਠਿੰਡਾ, 13 ਸਤੰਬਰ 2024 : ਰਾਹੁਲ ਗਾਂਧੀ ਦੇ ਬਿਆਨ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਜਤਾਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ। ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨਾਲ ਭਾਰਤ ਵਿੱਚ ਕਿਵੇਂ ਹਮੇਸ਼ਾ ਧੱਕਾ ਹੋਇਆ ਹੈ। ਪਿਛਲੇ ਸਮੇਂ ਦੌਰਾਨ ਪੰਜਾਬੀਆਂ ਨੇ ਪਾਣੀ ਦੇ ਹੱਕ ਦੀ ਗੱਲ ਕੀਤੀ, ਭਾਸ਼ਾ ਦੀ ਗੱਲ ਕੀਤੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਅਜਿਹਾ ਕੂੜ ਵਿਰਤਾਂਤ ਸਿਰਜਿਆ ਜਿਸ ਦਾ ਨਤੀਜੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ। 1984 ਦੌਰਾਨ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਹ-ਕੋਹ ਕੋ ਸ਼ਿਕਾਰ ਕੀਤਾ ਗਿਆ, ਪਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੇ ਖਿਲਾਫ ਘਟੀਆ ਵਿਰਤਾਂਤ ਸਰਕਾਰੀ ਸਰਪ੍ਰਸਤੀ ਵਿੱਚ ਸਿਰਜੇ ਜਾ ਰਹੇ ਹਨ। ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੌਰਾਨ ਸਿੱਖ ਲੜਕਾ-ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾਹ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ। ਅਜਿਹੀਆਂ ਘਟਨਾਵਾਂ ਕਾਂਗਰਸ ਆਗੂ ਦੇ ਬਿਆਨ ਨੂੰ ਜਿੱਥੇ ਪੁਖਤਾ ਕਰਦੀਆਂ ਹਨ ਉੱਥੇ ਹੀ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀਆਂ ਹਨ। ਸਿੱਖ ਆਗੂਆਂ ਨੇ ਆਖਿਆ ਕਿ ਜਦੋਂ ਤੋਂ ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਘੱਟ ਗਿਣਤੀਆਂ ਉੱਤੇ ਲਗਾਤਾਰ ਹਮਲੇ ਵੱਧਦੇ ਜਾ ਰਹੇ ਹਨ। ਜਿਸ ਤਰ੍ਹਾਂ ਰਾਹੁਲ ਗਾਂਧੀ ਵੱਲੋਂ ਵਿਦੇਸ਼ ਦੀ ਧਰਤੀ ਉੱਤੇ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ, ਅਜਿਹੇ ਮਸਲੇ ਭਾਰਤ ਦੀ ਪਾਰਲੀਮੈਂਟ ਵਿੱਚ ਵੀ ਉਠਾਏ ਜਾਣੇ ਚਾਹੀਦੇ ਹਨ ਤਾਂ ਜੋ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਸਬੰਧੀ ਪੂਰੀ ਦੁਨੀਆਂ ਜਾਣ ਸਕੇ ਅਤੇ ਭਾਰਤੀ ਹਕੂਮਤ ਦਾ ਚਿਹਰਾ ਲੋਕਾਂ ਸਾਹਮਣੇ ਆ ਸਕੇ।