ਚੰਡੀਗੜ੍ਹ, 27 ਜਨਵਰੀ : ਕਰੀਬ ਇੱਕ ਮਹੀਨੇ ਬਾਅਦ ਉੱਤਰੀ ਭਾਰਤ ਵਿੱਚ ਧੁੱਪ ਨਿਕਲਣ ਨਾਲ ਸੀਤ ਲਹਿਰ ਅਤੇ ਠੰਢ ਤੋਂ ਰਾਹਤ ਮਿਲੀ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 5 ਡਿਗਰੀ ਦਾ ਸੁਧਾਰ ਹੋਇਆ ਹੈ। ਹਰਿਆਣਾ ਵਿੱਚ ਹਾਲਾਤ ਆਮ ਵਾਂਗ ਹੋ ਗਏ ਹਨ। ਚੰਡੀਗੜ੍ਹ ਵਿੱਚ ਵੀ ਹਾਲਾਤ ਆਮ ਵਾਂਗ ਹਨ। ਹਿਮਾਚਲ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਪਰ ਪੰਜਾਬ ਦੇ ਅਜੇ ਵੀ ਕਈ ਜ਼ਿਲਿਆਂ ’ਚ ਸੰਘਣੀ ਧੁੰਦ ਛਾਈ ਹੋਈ ਹੈ। ਦੱਸ ਦਈਏ ਕਿ ਪੰਜਾਬ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਬੇਸ਼ੱਕ ਕੁਝ ਇਲਾਕਿਆਂ ’ਚ ਧੁੱਪ ਖਿੜ ਗਈ ਹੈ ਪਰ ਅਜੇ ਵੀ ਕਈ ਥਾਂਈ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਇੱਕ ਵਾਰ ਫਿਰ ਹਿਮਾਚਲ ਵਿੱਚ ਸਰਗਰਮ ਹੋ ਗਈ ਹੈ। ਜਿਸ ਕਾਰਨ ਆਉਣ ਵਾਲੇ 10 ਦਿਨਾਂ 'ਚ ਹਿਮਾਚਲ 'ਚ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਨਾ ਸਿਰਫ਼ ਹਿਮਾਚਲ ਵਿੱਚ ਸਗੋਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਰਾਹਤ ਮਿਲੇਗੀ।