- ਪੰਜਾਬੀ ਸਿਨੇਮਾ ਦਿਵਸ ਮੌਕੇ ਪੰਜਾਬੀ ਫਿਲਮ ਅਤੇ ਟੀ.ਵੀ. ਐਕਟਰਜ਼ ਐਸੋਸੀਏਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ
- ਮਾਨਵੀ ਜੀਵਨ ਦੇ ਵਿਕਾਸ ਵਿੱਚ ਫਿਲਮਾਂ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ : ਕਟਾਰੂਚੱਕ
ਐਸ.ਏ.ਐਸ ਨਗਰ, 29 ਮਾਰਚ : ਪੰਜਾਬੀ ਸਿਨੇਮਾ ਦਿਵਸ ਦੇ ਮੌਕੇ ਉੱਤੇ ਪੰਜਾਬੀ ਫਿਲਮ ਅਤੇ ਟੀ.ਵੀ. ਐਕਟਰਜ਼ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬੀ ਸਿਨਮੇ ਦੇ ਵਿਕਾਸ ਦੀਆਂ ਬਹੁਤ ਜਿਆਦਾ ਸੰਭਾਵਨਾਵਾਂ ਹੈ ਅਤੇ ਇਸ ਨੂੰ ਬੜ੍ਹਾਵਾ ਦਿੱਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਸਮਾਜਿਕ ਪੰਜਬੀ ਫਿਲਮਾਂ ਦੇ ਨਿਰਮਾਣ ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮੁੰਬਈ ਫਿਲਮ ਉਦਯੋਗ ਵਿੱਚ ਪੰਜਾਬੀਆਂ ਦੀ ਵੱਡੀ ਸ਼ਮੂਲੀਅਤ ਹੈ ਪਰ ਪੰਜਬੀ ਫਿਲਮਾਂ ਉਹ ਮੁਕਾਮ ਹਾਸਿਲ ਨਹੀਂ ਕਰ ਸਕੀਆ ਜੋ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਬੜ੍ਹਾਵਾ ਦੇਣਾ ਸਾਡੀ ਸਾਰਿਆ ਦੀ ਜ਼ਿਮੇਵਾਰੀ ਹੈ ਅਤੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਆਪਣੀ ਪੂਰੀ ਤਤਪਰ ਹੈ । ਉਨ੍ਹਾਂ ਨੇ ਪੰਜਾਬੀ ਫਿਲਮ ਉਦਯੋਗ ਨਾਲ ਜੁੜੇ ਹੋਏ ਕਲਾਕਾਰਾਂ ਨੂੰ ਹੋਰ ਵੀ ਵਧੇਰੇ ਚੰਗੀਆਂ ਫਿਲਮਾਂ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੇ ਨਾਲ ਪੰਜਾਬੀ ਲੋਕਾਂ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਪਸਾਰ ਵੀ ਹੋ ਸਕੇ । ਇਸ ਦੌਰਾਨ ਸ੍ਰੀ ਜੌੜਾਮਾਜਰਾ ਨੇ ਪੰਜਾਬੀ ਫਿਲਮ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਸਿਨਮੇ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਔਕੜਾ ਨੂੰ ਦੂਰ ਕਰੇਗੀ ਜਿਸ ਨਾਲ ਪੰਜਾਬੀ ਸਿਨੇਮਾ ਦਾ ਵਿਕਾਸ ਹੋ ਸਕੇ। ਇਸੇ ਦੌਰਾਨ ਖੁਰਾਕ,ਸਿਵਲ ਸਪਲਾਈ ਅਤੇ ਜੰਗਲਾਤ ਮੰਤਰੀ ਸ੍ਰੀ ਲਾਲਚੰਦ ਕਟਾਰੂਚੱਕ ਨੇ ਸਮਾਜਿਕ ਫਿਲਮਾਂ ਦੇ ਨਿਰਮਾਣ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਨਵੀ ਜੀਵਨ ਦੇ ਵਿਕਾਸ ਵਿੱਚ ਫਿਲਮਾਂ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ । ਉਨਾਂ ਕਿਹਾ ਕਿ ਅਜਿਹੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਜੋ ਲੋਕਾਂ ਦੇ ਬੌਧਿਕ ਪੱਧਰ ਦਾ ਵਿਕਾਸ ਕਰ ਸਕਣ ਅਤੇ ਉਨ੍ਹਾਂ ਨੂੰ ਚੰਗੀ ਦਿਸ਼ਾ ਵੱਲ ਨੂੰ ਲਿਜਾ ਸਕਣ । ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਇਸ ਨੂੰ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਵੀ ਆਪਣੀ ਪੈਠ ਬਣਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਫਿਲਮੀ ਕਲਾਕਾਰਾਂ ਨੇ ਅਨੇਕਾ ਚੰਗੀਆ ਫਿਲਮਾਂ ਦਾ ਨਿਰਮਾਣ ਕੀਤਾ ਹੈ ਪਰ ਪੰਜਾਬੀ ਫਿਲਮਾਂ ਦੇ ਵਿਕਾਸ ਦੀਆਂ ਹੋਰ ਵੀ ਅਨੇਕਾਂ ਸੰਭਾਵਨਾਵਾਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਚਾਹੀਦਾ ਹੈ ਅਤੇ ਇਸ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ । ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਦਾ ਵੀ ਜ਼ਿਕਰ ਕੀਤਾ ।