ਜਲੰਧਰ, 16 ਜਨਵਰੀ : ਭਾਰਤ ਜੋੜੋ ਯਾਤਰਾ ਅੱਜ ਕਾਲਾ ਬੱਕਰਾ ਨੇੜੇ ਅਵਤਾਰ ਰੀਜੈਂਸੀ ਤੋਂ ਸ਼ੁਰੂ ਹੋਈ, ਯਾਤਰਾ ਦੌਰਾਨ ਜਿੱਥੇ ਰਾਹੁਲ ਗਾਂਧੀ ਪੈਦਲ ਚੱਲ ਰਹੇ ਸਨ, ਉੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਸਮੱਰਥਕ ਅਤੇ ਪਾਰਟੀ ਦੇ ਵੱਡੇ ਆਗੂ ਨਾਲ ਚੱਲ ਰਹੇ ਸਨ। ਅੱਜ ਦੀ ਪੈਦਲ ਯਾਤਰਾ 23 ਕਿਲੋਮੀਟਰ ਚੱਲੇਗੀ, ਜੋ ਦੋ ਪੜਾਵਾਂ ’ਚ ਹੋਵੇਗੀ। ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਅੱਡਾ ਚੱਕ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਆਦਮਪੁਰਾ ਵਿਖੇ ਪਹਿਲੇ ਸਟਾਪ 'ਤੇ ਰੁਕੇਗੀ। ਇਹ ਯਾਤਰਾ ਇੱਥੋਂ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਅਤੇ ਢਡਿਆਲਾ ਨੇੜੇ ਟੀ-ਬ੍ਰੇਕ ਲੈ ਕੇ ਟਾਂਡਾ ਚਾਵਲਾ ਸਕਾਈ ਬਾਰ ਟੀ-ਪੁਆਇੰਟ 'ਤੇ ਸਮਾਪਤ ਹੋਵੇਗੀ।ਖਾਸ ਗੱਲ ਇਹ ਹੈ ਕਿ ਹੁਣ ਪੰਜਾਬ 'ਚ ਯਾਤਰਾ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਵੇਰੇ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਨੇ 6 ਵਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਹੁਣ ਯਾਤਰਾ 7 ਵਜੇ ਸ਼ੁਰੂ ਕੀਤੀ ਗਈ ਹੈ।
- ਰਾਹੁਲ ਗਾਂਧੀ ਨੇ ਸਰੋ੍ਹਂ ਦਾ ਸਾਗ ਤੇ ਨਾਲ ਮੱਕੀ ਦੀ ਰੋਟੀ ਦਾ ਸਵਾਦ ਚਖਿਆ
ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਦੇ ਭੋਗਪੁਰ ਵਿਚ ਦਾਖਲ ਹੋਣ ਉਪਰੰਤ ਰਾਹੁਲ ਗਾਂਧੀ ਨੇ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਸਵਰਗਵਾਸੀ ਹਿੰਮਤ ਸ਼ਾਹ (ਗਣੇਸ਼ ਬਾਜ਼ਾਰ) ਦੇ ਘਰ ਸਵੇਰ ਦਾ ਨਾਸ਼ਤਾ ਕੀਤਾ ਤੇ ਇਕ ਘੰਟੇ ਦੇ ਕਰੀਬ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਸਵੇਰ ਦੇ ਨਾਸ਼ਤੇ ਵਿੱਚ ਰਾਹੁਲ ਗਾਂਧੀ ਨੇ ਸਰੋ੍ਹਂ ਦਾ ਸਾਗ ਤੇ ਨਾਲ ਮੱਕੀ ਦੀ ਰੋਟੀ ਦਾ ਸਵਾਦ ਚਖਿਆ, ਉਥੇ ਘਰ ਦੀ ਰਿੜਕੀ ਲੱਸੀ ਦਾ ਵੀ ਲੁਤਫ ਉਠਾਇਆ। ਰਾਹੁਲ ਗਾਂਧੀ ਨੇ ਇਸ ਫੇਰੀ ਦੌਰਾਨ ਵਰਿੰਦਰ ਕੁਮਾਰ, ਮੁਕੇਸ਼ ਕੁਮਾਰ ਸਮੇਤ ਅੌਰਤਾਂ ਨਾਲ ਮੁਲਾਕਾਤ ਕੀਤੀ ਤੇ ਘਰ ਦੀਆਂ ਮਹਿਲਾਵਾਂ ਤੇ ਲੜਕੀਆਂ ਨੂੰ ਮਹਿਲਾ ਸ਼ਕਤੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੁਲਾਕਾਤ ਦੌਰਾਨ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਨੂੰ ਦੂਰ ਰੱਖਿਆ ਗਿਆ।
- ਰਾਹੁਲ ਗਾਂਧੀ ਨੇ ਪਿੰਡ ਬਿਆਸ ਵਿਖੇ ਗੁਜ਼ਾਰੀ ਰਾਤ
'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਹਲਕਾ ਆਦਮਪੁਰ ਦੇ ਨੇੜਲੇ ਪਿੰਡ ਬਿਆਸ ਵਿਖੇ ਰਾਤ ਗੁਜ਼ਾਰੀ ਤੇ ਉਹ ਆਪਣੇ ਮਿਥੇ ਸਮੇਂ 'ਤੇ ਕਰੀਬ ਸ਼ਾਮ 8 ਵਜੇ ਜੀਟੀ ਰੋਡ ਕਿਸ਼ਨਗੜ੍ਹ ਵਿਖੇ ਪੁੱਜੇ। ਜਿੱਥੇ ਪੁੱਜਣ 'ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਤੇ ਰਾਹੁਲ ਗਾਂਧੀ ਨਾਲ ਕਾਂਗਰਸ ਪਾਰਟੀ ਦੇ ਕੌਮੀ ਆਗੂ ਤੇ ਪੰਜਾਬ ਕਾਂਗਰਸ ਦੇ ਆਗੂ ਵੀ ਪੁੱਜੇ। ਉਨ੍ਹਾਂ ਨੇ ਵੀ ਬਿਆਸ ਪਿੰਡ ਵਿਖੇ ਰਾਤ ਗੁਜ਼ਾਰੀ ਤੇ ਇੱਥੇ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਭਾਰਤ ਜੋੜੋ ਯਾਤਰਾ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਰਾਹੁਲ ਗਾਂਧੀ ਰਾਤ ਗੁਜ਼ਾਰਨ ਤੋਂ ਬਾਅਦ ਸਵੇਰੇ 6 ਵਜੇ ਅਗਲੇ ਪੜਾਅ ਲਈ ਰਵਾਨਾ ਹੋਏ ਤੇ ਇਸ ਮੌਕੇ ਕਾਂਗਰਸ ਦੇ ਆਗੂਆਂ ਤੇ ਵੱਡੀ ਗਿਣਤੀ ਵਿੱਚ ਪੁੱਜੇ ਵਰਕਰਾਂ ਨੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ। ਇਸ ਯਾਤਰਾ ਵਿਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਮੇਜਰ ਜਨਰਲ ਸਿਓਨੋਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ ਦੀਆਂ ਖਿਡਾਰਨਾਂ ਵੱਲੋ ਰਾਹੁਲ ਗਾਂਧੀ ਨਾਲ ਮੁਲਾਕਾਤ
ਭਾਰਤ ਜੋੜੋ ਯਾਤਰਾ ਦਾ ਭੋਗਪੁਰ ਪਹੁੰਚਣ 'ਤੇ ਜਿਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਇਲਾਕੇ ਦੀ ਸਿਰਮੌਰ ਅਕੈਡਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ ਦੀਆਂ ਖਿਡਾਰਨਾਂ ਵੱਲੋ ਮੁੱਖ ਕੋਚ ਨਰਿੰਦਰ ਸਿੰਘ ਡੱਲੀ, ਭੁਪਿੰਦਰ ਸਿੰਘ, ਰਾਜਿੰਦਰ ਸੈਣੀ, ਅਕੈਡਮੀ ਦੇ ਪ੍ਰਧਾਨ ਕਮਲਜੀਤ ਸਿੰਘ ਡੱਲੀ ਦੇ ਯਤਨਾਂ ਸਦਕਾ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਅਕੈਡਮੀ ਦੀਆਂ ਖਿਡਾਰਨਾਂ ਅੰਤਰਾ ਦੇਵੀ, ਵਰਸ਼ਾ, ਕਿਰਨਦੀਪ ਕੌਰ ਤੇ ਰੁਮਨ ਨੂੰ ਉਨ੍ਹਾਂ ਦੀ ਖੇਡ ਤੇ ਪ੍ਰਰਾਪਤ ਕੀਤੇ ਮੈਡਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
- ਪੰਜਾਬ ਨੂੰ ਦਿੱਲੀ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ : ਰਾਹੁਲ ਗਾਂਧੀ
ਯਾਤਰਾ ਦੇ ਹੁਸਿਆਰਪੁਰ ਵਿਖੇ ਪਹੁੰਚਣ ਤੇ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ, ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ। ਦਿੱਲੀ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਇਹ ਪੰਜਾਬ ਦਾ ਇਤਿਹਾਸ ਹੈ,
ਪੰਜਾਬ ਦੇ ਮਜਦੂਰਾਂ ਅਤੇ ਮੁਲਾਜ਼ਮਾਂ ਦੀ ਮਨ ਦੀ ਆਵਾਜ਼ ਸੁਣਨੀ ਚਾਹੀਦੀ ਹੈ ਨਾ ਕਿ ਦਿੱਲੀ ਦੀ”। ਊਹਨਾਂ ਇਹ ਵੀ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਫੈਸਲੇ ਪੰਜਾਬ ਵੱਲੋਂ ਹੀ ਲਏ ਜਾਂਦੇ ਸਨ। ਦੂਜੇ ਪਾਸੇ ਇਸ ਸੰਬੰਧੀ ਆਪਣਾ ਪ੍ਰਤੀਕ੍ਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਜਿਨ੍ਹਾਂ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ, ਉਹ ਸਿਰਫ ਅਜਿਹੇ ਕਾਂਗਰਸੀ ਲੀਡਰਾਂ ਦੀ ਹੀ ਦੇਣ ਹੈ। ਕਾਂਗਰਸ ਦੀ ਸਰਕਾਰ ਵੇਲੇ ਹਰ ਇੱਕ ਗੱਲ ਦਾ ਫੈਸਲਾ ਦਿੱਲੀ ਦੇ ਲਿਫਾਫੇ ‘ਚੋਂ ਨਿੱਕਲਦਾ ਰਿਹਾ ਹੈ। ਇਸ ਦੇ ਉਲਟ ਅਸੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਉਨ੍ਹਾਂ ਦੇ ਮੁੱਖ ਮੰਤਰੀ ਦੀ ਚੋਣ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਮੁੱਖ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਉਹ ਸਾਰੇ ਫੈਸਲੇ ਪੰਜਾਬੀਆਂ ਦੇ ਹੱਕ ਵਿੱਚ ਕਰ ਰਹੇ ਹਨ।