- ਨਸ਼ਿਆਂ ਖਿਲਾਫ਼ ਫੈਸਲਾਕੁੰਨ ਜੰਗ ਦਾ ਇੱਕ ਸਾਲ
- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ 26.72 ਕਰੋੜ ਰੁਪਏ ਦੀ ਕੀਮਤ ਦੀਆਂ 66 ਜਾਇਦਾਦਾਂ ਜ਼ਬਤ
- ਪੁਲਿਸ ਟੀਮਾਂ ਵੱਲੋਂ 5 ਜੁਲਾਈ, 2022 ਤੋਂ ਹੁਣ ਤੱਕ 12.33 ਕਰੋੜ ਰੁਪਏ ਦੀ ਡਰੱਗ ਮਨੀ, 797 ਕਿਲੋ ਅਫੀਮ, 902 ਕਿਲੋ ਗਾਂਜਾ, 375 ਕੁਇੰਟਲ ਭੁੱਕੀ ਅਤੇ 65.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ
- ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਤਹਿਤ ਹੁਣ ਤੱਕ 964 ਵਿਅਕਤੀ ਗ੍ਰਿਫ਼ਤਾਰ
- ਪੰਜਾਬ ਪੁਲਿਸ ਨੇ ਪਿਛਲੇ ਇੱਕ ਸਾਲ ਵਿੱਚ 143 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ 18 ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼
- ਏ.ਜੀ.ਟੀ.ਐਫ. ਨੇ ਹੁਣ ਤੱਕ 688 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੰਜ ਨੂੰ ਕੀਤਾ ਢੇਰ; 667 ਹਥਿਆਰ ਕੀਤੇ ਬਰਾਮਦ
- ਇੱਕ ਹਫ਼ਤੇ ਵਿੱਚ 5.52 ਕਿਲੋ ਹੈਰੋਇਨ, 4 ਕਿਲੋ ਗਾਂਜਾ, 11.34 ਕਿਲੋ ਅਫੀਮ, 4.33 ਲੱਖ ਰੁਪਏ ਦੀ ਡਰੱਗ ਮਨੀ ਸਮੇਤ 297 ਨਸ਼ਾ ਤਸਕਰਕੀਤੇ ਕਾਬੂ
ਚੰਡੀਗੜ੍ਹ, 17 ਜੁਲਾਈ : ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਖਿਲਾਫ਼ ਵਿੱਢੀ ਗਈ ਫੈਸਲਾਕੁੰਨ ਜੰਗ ਦੇ ਇੱਕ ਸਾਲ ਪੂਰਾ ਹੋਣ ਨਾਲ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕੁੱਲ 12218 ਐਫਆਈਆਰ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ 1458 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ। ਇੰਸਪੈਕਟਰ ਜਨਰਲ ਆਫ਼ ਪੁਲਿਸ ਹੈੱਡਕੁਆਰਟਰਜ਼ ਸੁਖਚੈਨ ਸਿੰਘ ਗਿੱਲ, ਜੋ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਇਲਾਵਾ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾ ਕੇ ਸੂਬੇ ਭਰ ਤੋਂ 1073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। । ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ ਇੱਕ ਸਾਲ ਵਿੱਚ ਹੈਰੋਇਨ ਦੀ ਕੁੱਲ ਰਿਕਵਰੀ 1220.94 ਕਿਲੋ ਹੋ ਗਈ ਹੈ। ਆਈ.ਜੀ.ਪੀ. ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਨੇ ਸੂਬੇ ਭਰ ਵਿੱਚੋਂ 797.14 ਕਿਲੋ ਅਫੀਮ, 902.13 ਕਿਲੋ ਗਾਂਜਾ, 375.47 ਕੁਇੰਟਲ ਭੁੱਕੀ ਅਤੇ 65.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ ਇੱਕ ਸਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 12.33 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲ ਦੌਰਾਨ 66 ਨਸ਼ਾ ਤਸਕਰਾਂ ਦੀਆਂ 26.72 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਨਸ਼ਾ ਤਸਕਰਾਂ ਦੀਆਂ ਬਰਨਾਲਾ ਜ਼ਿਲ੍ਹੇ ਵਿੱਚ 2.34 ਕਰੋੜ ਰੁਪਏ ਦੀਆਂ 13 ਜਾਇਦਾਦਾਂ, ਫਾਜ਼ਿਲਕਾ ਜ਼ਿਲ੍ਹੇ ਵਿੱਚ 1.72 ਕਰੋੜ ਰੁਪਏ ਦੀਆਂ 9 ਜਾਇਦਾਦਾਂ ਅਤੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ 1.13 ਕਰੋੜ ਰੁਪਏ ਦੀਆਂ 6 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਹਫ਼ਤਾਵਾਰੀ ਅਪਡੇਟ ਦਿੰਦਿਆਂ, ਆਈ.ਜੀ.ਪੀ. ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ, ਪੁਲਿਸ ਨੇ 32 ਵਪਾਰਕ ਮਾਮਲਿਆਂ ਸਮੇਤ 205 ਐਫਆਈਆਰਜ਼ ਦਰਜ ਕਰਕੇ 297 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 5.52 ਕਿਲੋਗ੍ਰਾਮ ਹੈਰੋਇਨ, 11.34 ਕਿਲੋ ਅਫੀਮ, 4.02 ਕਿਲੋ ਗਾਂਜਾ, 5.22 ਕੁਇੰਟਲ ਭੁੱਕੀ, 56107 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 4.33 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ 10 ਹੋਰ ਭਗੌੜੇ ਐਨਡੀਪੀਐਸ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ ਨਾਲ, 5 ਜੁਲਾਈ, 2022 ਨੂੰ ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਹੁਣ 964 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। 5 ਜੁਲਾਈ, 2022 ਤੋਂ 16 ਜੁਲਾਈ, 2023 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਨੇ 31 ਰਾਈਫਲਾਂ, 209 ਰਿਵਾਲਵਰ/ਪਿਸਟਲ, 5 ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਆਈ.ਡੀਜ਼.) ), 6.78 ਕਿਲੋਗ੍ਰਾਮ ਆਰਡੀਐਕਸ ਅਤੇ ਹੋਰ ਵਿਸਫੋਟਕ, 10 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀ ਇੱਕ ਸਲੀਵ, 51 ਡਰੋਨ, ਅਤੇ ਇੱਕ ਲੋਡਡ ਰਾਕੇਟ ਪ੍ਰੋਪੇਲਡ ਗ੍ਰੇਨੇਡ ਬਰਾਮਦ ਕਰਨ ਤੋਂ ਬਾਅਦ 143 ਅੱਤਵਾਦੀ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ 18 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਸੇ ਤਰ੍ਹਾਂ 6 ਅਪ੍ਰੈਲ, 2022 ਨੂੰ ਗਠਿਤ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਹੁਣ ਤੱਕ 688 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 5 ਗੈਂਗਸਟਰਾਂ/ਅਪਰਾਧੀਆਂ ਨੂੰ ਢੇਰ ਕਰਕੇ 208 ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 667 ਹਥਿਆਰ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 157 ਵਾਹਨ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਦਾ ਗਠਨ ਕੀਤਾ ਸੀ। ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਮਾਮੂਲੀ ਮਾਤਰਾ ਵਿੱਚ ਵੀ ਨਸ਼ਾ ਬਰਾਮਦ ਹੋਇਆ ਹੋਵੇ।