ਪੰਜਾਬ ਵਾਸੀਆਂ ਨੂੰ ਇਸ ਵੇਲੇ ਦੀ ਵੱਡੀ ਖ਼ਬਰ ਅਨੁਸਾਰ ਪੰਜਾਬ ਵਿੱਚ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਬੱਸ ਕਿਰਾਏ ਵਿੱਚ ਵਾਧਾ ਕਰਨ ਨਾਲ ਹੁਣ ਬੱਸਾਂ ਵਿੱਚ ਸਫਰ ਕਰਨਾ ਹੋ ਮਹਿੰਗਾ ਹੋ ਜਾਵੇਗਾ । ਪੰਜਾਬ ਦੀ ਸਰਕਾਰੀ ਬੱਸ ਸਰਵਿਸ ਪੀ ਆਰ ਟੀ ਸੀ ਵੱਲੋਂ ਪੰਜਾਬ ਸਰਕਾਰ ਨੂੰ ਪਾਸ ਕਰਕੇ ਭੇਜੇ ਮਤੇ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਬੱਸਾਂ ਦੇ 10 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧੇ ਦੀ ਮੰਗ ਕੀਤੀ ਗਈ ਹੈ । ਪੀ ਆਰ ਟੀ ਸੀ ਅਨੁਸਾਰ ਅਜਿਹਾ ਡੀਜ਼ਲ ਦੇ ਰੇਟਾਂ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਦਿਆਂ ਕਰਨਾ ਪੈ ਰਿਹਾ ਹੈ ਅਤੇ ਬਹੁਤ ਜਲਦੀ ਹੀ ਕੈਬਨਿਟ ਦੀ ਮੀਟਿੰਗ ਵਿੱਚ ਇਸਨੂੰ ਹਰੀ ਝੰਡੀ ਮਿਲ ਸਕਦੀ ਹੈ । ਪੀ ਆਰ ਟੀ ਸੀ ਦੇ ਡਾਇਰੈਕਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੀਜ਼ਲ ਦੇ ਵਧੇ ਰੇਟਾਂ ਕਰਕੇ ਕਾਰਪੋਰੇਸ਼ਨ ਵੱਲੋਂ ਆਪਣੇ ਖਰਚੇ ਪੂਰੇ ਕਰਨੇ ਬਹੁਤ ਮੁਸ਼ਕਲ ਹੋ ਗਏ ਹਨ ਅਤੇ ਛੇਵਾਂ ਪੇ-ਕਮਿਸ਼ਨ ਲਾਗੂ ਹੋਣ ਪਿੱਛੋਂ ਕਰਮਚਾਰੀਆਂ ਦੀਆਂ ਵਧੀਆਂ ਤਨਖਾਹਾਂ ਕਾਰਨ ਕਾਰਪੋਰੇਸ਼ਨ ਅਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੀ ਹੈ । ਉਹਨਾਂ ਦੱਸਿਆ ਕਿ ਪੀ ਆਰ ਟੀ ਸੀ ਪਾਸ ਇਸ ਵੇਲੇ 1200 ਦੇ ਕਰੀਬ ਬੱਸਾਂ ਹਨ ਜਿਹਨਾਂ ਦਾ ਪਹਿਲਾਂ ਰੋਜ਼ਾਨਾ ਡੀਜਲ ਦਾ ਖਰਚ 71 ਲੱਖ ਰੁਪਏ ਆਉਂਦਾ ਸੀ ਅਤੇ ਡੀਜਲ ਦੇ ਰੇਟ ਵਧਣ ਕਾਰਨ ਹੁਣ ਇਹ ਖਰਚ 73 ਲੱਖ 50 ਹਜ਼ਾਰ ਤੱਕ ਜਾ ਪੁੱਜਾ ਹੈ । ਉਹਨਾਂ ਦੇ ਦੱਸਣ ਅਨੁਸਾਰ ਬੱਸ ਕਿਰਾਏ ਵਿੱਚ 10 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਹੋਣ ਪਿੱਛੋਂ ਕਾਰਪੋਰੇਸ਼ਨ ਦੀ ਰੋਜ਼ਾਨਾ ਦੀ ਆਮਦਨ ਵਿੱਚ 10 ਲੱਖ ਰੁਪਏ ਤੱਕ ਵਾਧਾ ਹੋ ਜਾਵੇਗਾ ।
ਜਿਕਰਯੋਗ ਹੈ ਕਿ ਬੱਸ ਕਿਰਾਏ ਵਿੱਚ ਵਾਧਾ ਕਰਨ ਮਗਰੋਂ ਭਾਵੇਂ ਪੀ ਆਰ ਟੀ ਸੀ ਦੀ ਰੋਜ਼ਾਨਾ ਦੀ ਕਮਾਈ ਵਿੱਚ 10 ਲੱਖ ਤੱਕ ਵਾਧਾ ਹੋ ਜਾਵੇਗਾ , ਪਰ ਇਸਦੀ ਕੈਂਚੀ ਉਸ ਆਮ ਜਨਤਾ ਦੀ ਜੇਬ ‘ਤੇ ਹੀ ਫਿਰੇਗੀ ਜੋ ਆਪਣੇ ਸਾਧਨਾਂ ਤੋਂ ਅਸਮਰੱਥ ਬੱਸਾਂ ਵਿੱਚ ਸਫਰ ਕਰਨ ਲਈ ਮਜਬੂਰ ਹਨ । ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰ ਕੇ ਸਰਕਾਰੀ ਘਾਟਿਆਂ ਦੀ ਪੂਰਤੀ ਕਰਨਾ ਕਿੰਨਾ ਕੁ ਵਾਜਬ ਹੈ ? ਇਹ ਵੀ ਤਾਂ ਇੱਕ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ।