ਭਗਵੰਤ ਮਾਨ , ਮੁੱਖ ਮੰਤਰੀ ਪੰਜਾਬ ਨੇ ਸੂਬੇ ਵਿੱਚ ਦਿਨੋਂ ਦਿਨ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਰੋਕਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ । ਉਹਨਾਂ ਇਸ ਮੀਟਿੰਗ ਵਿੱਚ ਪੰਜਾਬ ਵਾਸੀਆਂ ਪ੍ਰਤੀ ਫਿਕਰਮੰਦ ਹੁੰਦਿਆਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰਖਿਆ ਦੀ ਜਿੰਮੇਵਾਰੀ ਮੇਰੀ ਹੈ । ਉਹਨਾਂ ਟਾਸਕ ਫੋਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੋਰਸ ਲਈ ਅਧੁਨਿਕ ਸਹੂਲਤਾਂ ਅਤੇ ਸਾਧਨਾਂ ਵਿੱਚ ਬਿਲਕੁਲ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਟਾਸਕ ਫੋਰਸ ਨੂੰ ਬਿਨਾ ਕਿਸੇ ਭੈਅ ਅਤੇ ਪੱਖਪਾਤ ਦੇ ਕੰਮ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ । ਜਿਕਰਯੋਗ ਹੈ ਕਿ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਇੱਕ ਲਿਖਤੀ ਚਿੱਠੀ ਜਾਰੀ ਕਰਦਿਆਂ ਸੂਬੇ ਦੇ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਐੱਸ ਐੱਸ ਪੀਜ਼ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਡਿਊਟੀ ਪ੍ਰਤੀ ਜਾਣਕਾਰੀ ਦਿੱਤੀ ਅਤੇ ਇਹ ਵੀ ਸਪਸ਼ਟ ਕੀਤਾ ਕਿ ਕਾਨੂੰਨ ਅਤੇ ਵਿਵਸਥਾ ਬਣਾਉਣ ਲਈ ਪੰਜਾਬ ਦੇ ਸਮੂਹ ਪੁਲੀਸ ਕਮਿਸ਼ਨਰ ਅਤੇ ਐੱਸ ਐੱਸ ਪੀਜ਼ ਹੀ ਜਿੰਮੇਵਾਰ ਹੋਣਗੇ । ਉਹਨਾਂ ਜਾਰੀ ਆਪਣੇ ਪੱਤਰ ਰਾਹੀਂ ਇਹ ਸਪਸ਼ਟ ਕੀਤਾ ਕਿ ਏਜੀਟੀਐੱਫ ਦਾ ਗਠਨ ਕਿਸੇ ਵੀ ਤਰਾਂ ਪੀ ਸੀਜ਼ ਅਤੇ ਐੱਸ ਐੱਸ ਪੀਜ਼ ਦੀ ਜਿੰਮੇਵਾਰੀ ਅਤੇ ਭੂਮਿਕਾ ਨੂੰ ਰਤਾ ਵੀ ਕਮਜੋਰ ਨਹੀਂ ਕਰੇਗਾ , ਕਿਉਂਕਿ ਜਿਲ੍ਹਾ ਪੱਧਰ ‘ਤੇ ਇਹ ਦੋਵੇਂ ਹੀ ਪੁਲੀਸ ਅਧਿਕਾਰੀ ਅਪਰਾਧਾਂ ਉੱਤੇ ਨਿਯੰਤਰਣ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਿੰਮੇਵਾਰ ਹਨ ।
-ਬਲਜਿੰਦਰ ਭਨੋਹੜ/ਕਲੋਨਾ