ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਤੀਸ਼ਤ ਮਹਾਰਾਣੀ ਕਲੱਬ ਦੀਆਂ ਸਾਲਾਨਾ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਤੇ ਵਿਰੋਧੀ ਗੁੱਡਵਿੱਲ ਗਰੁੱਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨਗੀ ਦੇ ਅਹੁਦੇ ਲਈ ਪ੍ਰੋਗਰੈਸਿਵ ਗਰੁੱਪ ਦੇ ਦੀਪਕ ਕੰਪਾਨੀ ਨੇ ਵਿਕਾਸ ਪੁਰੀ ਨੂੰ 436 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਆਨਰੇਰੀ ਸਕੱਤਰ ਦੇ ਅਹੁਦੇ ’ਤੇ ਇਸੇ ਗਰੁੱਪ ਦੇ ਹਰਪ੍ਰੀਤ ਸਿੰਘ ਸੰਧੂ ਨੇ ਵਿਨੋਦ ਕੁਮਾਰ ਸ਼ਰਮਾ ਨੂੰ 320 ਵੋਟਾਂ ਦੇ ਫਰਕ ਨਾਲ ਹਰਾਇਆ। ਜੁਆਇੰਟ ਸਕੱਤਰ ਦੇ ਅਹੁਦੇ ’ਤੇ ਐਡਵੋਕੇਟ ਸ਼ੇਰਬੀਰ ਸਿੰਘ ਨੇ ਰਾਹੁਲ ਮਹਿਤਾ ਨੂੰ 345 ਵੋਟਾਂ ਨਾਲ ਹਰਾਇਆ। ਖ਼ਜ਼ਾਨਚੀ ਦੇ ਅਹੁਦੇ ’ਤੇ ਵੀ ਇਸੇ ਗਰੁੱਪ ਦੇ ਗੁਰਮੁੱਖ ਸਿੰਘ ਢਿੱਲੋਂ ਜੇਤੂ ਰਹੇ ਜਿਹਨਾਂ ਅਵਿਨਾਸ਼ ਗੁਪਤਾ ਨੂੰ 86 ਵੋਟਾਂ ਨਾਲ ਹਰਾਇਆ। ਕਾਰਜਕਾਰਨੀ ਦੇ 7 ਅਹੁਦਿਆਂ ’ਤੇ ਐਡਵੋਕੇਟ ਮਯੰਕ ਮਲਹੋਤਰਾ, ਸੀ ਏ ਰੋਹਿਤ ਗੁਪਤਾ, ਦੀਪਕ ਬਾਂਸਲ ਡਕਾਲਾ, ਜਤਿੰਨ ਮਿੱਲ, ਪ੍ਰਦੀਪ ਕੁਮਾਰ ਸਿੰਗਲਾ, ਸੰਜੇ ਅਗਰਵਾਲ ਤੇ ਸਰਵਦੀਪ ਸਿੰਘ ਸੇਠੀ ਜੇਤੂ ਰਹੇ। ਦੱਸਣਯੋਗ ਹੈ ਕਿ ਇਸਵਾਰ ਦੀਆਂ ਚੋਣਾਂ ਨੂੰ ਲੈ ਕੇ ਕਲੱਬ ਵਿਚ ਖਿੱਚੋਤਾਣ ਬਣੀ ਹੋਈ ਸੀ ਪਰ ਇਸਦੇ ਪਹਿਲੇ ਮੌਜੂਦਾ ਕਾਬਜ਼ ਗਰੁੱਪ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ।