ਅਣਅਧਿਕਾਰਤ ਤੌਰ ’ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਜਾਵੇਗੀ : ਉਪਕਾਰ ਸਿੰਘ
ਮਾਨਸਾ: ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਅਗਾਮੀ ਝੋਨੇ ਦੇ ਸ਼ੁਰੂ ਹੋਣ ਵਾਲੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਵੱਖ-ਵੱਖ ਖਰੀਦ ਏਜੰਸੀਆਂ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲਾ ਮੰਡੀ ਅਫਸਰ ਸਲੋਦ ਕੁਮਾਰ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਦੇ ਕਰੀਬ 117 ਮੰਡੀਆਂ ਅੰਦਰ ਸਾਫ ਸਫਾਈ, ਪਾਣੀ, ਬਿਜਲੀ, ਆਰਜ਼ੀ ਬਾਥਰੂਮ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ 30 ਸਤੰਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾ ਲਿਆ ਜਾਵੇ, ਤਾਂ ਜੋ ਮੰਡੀਆਂ ਅੰਦਰ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾ ਕਿਹਾ ਕਿ ਜ਼ਿਲੇ ਦੀ ਹਰੇਕ ਮੰਡੀ ਦਾ ਆਪਣੇ ਪੱਧਰ ’ਤੇ ਜਾਇਜ਼ਾ ਲਿਆ ਜਾਵੇ, ਜਿੱਥੇ ਖਰੀਦ ਕਾਰਜ਼ਾਂ ਨਾਲ ਸਬੰਧਤ ਕਿਸੇ ਕੰਮ ਦੀ ਲੋੜ ਹੋਵੇ, ਉਸਨੂੰ ਤੁਰੰਤ ਪਹਿਲਕਦਮੀ ਨਾਲ ਹੱਲ ਕੀਤਾ ਜਾਵੇ।ਵਧੀਕ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਸਮੇਤ ਖਰੀਦ ਕਾਰਜ਼ਾਂ ਨਾਲ ਜੁੜੇ ਹੋਰਨਾਂ ਅਧਿਕਾਰੀਆਂ ਨੂੰ ਜਿੱਥੇ ਆਪਸੀ ਤਾਲਮੇਲ ਨਾਲ ਡਿਊਟੀ ਕਰਨ ਲਈ ਕਿਹਾ, ਉਥੇ ਉਨਾਂ ਨੇ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆਂ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਜਾਂ ਢਿੱਲਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨਾਂ ਖਰੀਦ ਏਜੰਸੀਆ ਤੋਂ ਆਏ ਅਧਿਕਾਰੀਆਂ ਤੋਂ ਬਾਰਦਾਨਾ, ਢੋਆ ਢੁਆਈ, ਲੇਬਰ ਆਦਿ ਦੇ ਹੋਣ ਵਾਲੇ ਟੈਂਡਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨਾਂ ਕਿਹਾ ਕਿ ਜਿੱਥੇ ਕਿਧਰੇ ਸ਼ੈਲਰਾਂ ਨੂੰ ਜਾਣ ਵਾਲੀ ਸੜਕਾਂ ਜਾਂ ਰਸਤੇ ਦੀ ਮੁਰੰਮਤ ਆਦਿ ਦੀ ਲੋੜ ਹੋਵੇ, ਤੁਰੰਤ ਪਹਿਲ ਦੇ ਆਧਾਰ ’ਤੇ ਹਲ ਕਰ ਲਿਆ ਜਾਵੇ।ਉਨਾਂ ਕਿਹਾ ਕਿ ਹਰੇਕ ਖਰੀਦ ਏਜੰਸੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਵੇਲੇ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਵੇ। ਉਨਾਂ ਕਿਹਾ ਕਿ ਹਰੇਕ ਖਰੀਦ ਸਮੇਂ ਹਰੇਕ ਮੰਡੀ ਅੰਦਰ ਨਮੀ ਦੀ ਮਾਤਰਾ ਚੈਕ ਕਰਨ ਲਈ ਪ੍ਰਮਾਣਿਤ ਮਸ਼ੀਨਾਂ ਦਾ ਪਹਿਲਾ ਤੋਂ ਪ੍ਰਬੰਧ ਕਰ ਲਿਆ ਜਾਵੇ। ਉਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਜ਼ਿਲਾ ਮਾਨਸਾ ਅੰਦਰ ਨਾਕਾਬੰਦੀ ਕੀਤੀ ਜਾਵੇਗੀ।ਉਨਾਂ ਜ਼ਿਲੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋਣ ਸੰਭਾਵਨਾ ਹੈ, ਜਿਸਦੇ ਮੱਦੇਨਜ਼ਰ ਸਮੂਹ ਕਿਸਾਨ ਮੰਡੀਆਂ ਅੰਦਰ ਸੁੱਕੀ ਤੇ ਸਾਫ਼ ਸੁਥਰੀ ਫਸਲ ਲਿਆਉਣ।ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਸ਼ਿਕਾਇਤਾ) ਤੁਸ਼ਿਤਾ ਗੁਲਾਟੀ, ਜ਼ਿਲਾ ਮੈਨੇਜਰ ਮਾਰਕਫੈੱਡ ਮਨੀਸ ਗਰਗ, ਜ਼ਿਲਾ ਮੈਨੇਜ਼ਰ ਪਨਸਪ ਵਿਨੀਤ ਕੁਮਾਰ, ਡੀ.ਐਮ. ਵੇਅਰ ਹਾਊਸ ਪਰਮਜੀਤ ਸਿੰਘ, ਸਹਾਇਕ ਫੂਡ ਸਪਲਾਈ ਅਫ਼ਸਰ ਬਲਜੀਤ ਸਿੰਘ, ਜ਼ਿਲਾ ਮੈਨੇਜਰ ਐਫ.ਸੀ.ਆਈ ਹਰੀ ਸ਼ੰਕਰ, ਸੈਕਟਰੀ ਮਾਰਕੀਟ ਕਮੇਟੀ ਬੁਢਲਾਡਾ ਮਨਮੋਹਨ ਸਿੰਘ, ਸੈਕਟਰੀ ਮਾਰਕੀਟ ਕਮੇਟੀ ਸਰਦੂਲਗੜ ਜਗਤਾਰ ਸਿੰਘ ਸਮੇਤ ਖਰੀਦ ਪ੍ਰਬੰਧਾਂ ਨਾਲ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।