ਚੰਡੀਗੜ੍ਹ, 2 ਫ਼ਰਵਰੀ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਨਹੀਂ ਹੋਈ ਨਹੀਂ। ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਪ੍ਰਸ਼ਾਸਨ ਇਸ 'ਤੇ ਚੁੱਪ ਧਾਰੀ ਬੈਠਾ ਹੈ। ਹੁਣ ਨਵਜੋਤ ਸਿੰਘ ਸਿੱਧੂ ਨੂੰ ਕਦੋਂ ਰਿਹਾਅ ਕੀਤਾ ਜਾਵੇਗਾ, ਇਹ ਸਵਾਲ ਹਰ ਕਿਸੇ ਦੇ ਦਿਮਾਗ 'ਚ ਘੁੰਮ ਰਿਹਾ ਹੈ। ਜੇਕਰ ਆਮ ਰਿਆਇਤ ਵਾਲੇ ਦਿਨ ਕੱਟੇ ਜਾਣ ਤਾਂ ਸਿੱਧੂ ਅਪ੍ਰੈਲ ਮਹੀਨੇ 'ਚ ਬਾਹਰ ਆ ਸਕਦੇ ਹਨ। 26 ਜਨਵਰੀ ਨੂੰ ਰਿਹਾਈ ਦੀ ਉਮੀਦ ਟੁੱਟਣ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਪਰ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਮੇਂ ਤੋਂ ਡੇਢ ਮਹੀਨਾ ਪਹਿਲਾਂ ਹੀ ਬਾਹਰ ਆ ਸਕਦੇ ਹਨ। ਭਾਵ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਬਾਹਰ ਆ ਸਕਦੇ ਹਨ।ਮਾਹਿਰਾਂ ਅਨੁਸਾਰ, ਐਨਡੀਪੀਐਸ ਅਤੇ ਸੰਗੀਨ ਅਪਰਾਧਾਂ ਤੋਂ ਇਲਾਵਾ, ਇੱਕ ਮਹੀਨੇ ‘ਚ ਸੌਂਪੇ ਗਏ ਕੰਮ ਦੀ ਕਿਸਮ ਅਤੇ ਕੈਦੀਆਂ ਦੇ ਵਿਹਾਰ ਦੇ ਅਧਾਰ 'ਤੇ ਮਹੀਨੇ ਵਿੱਚ 4 ਤੋਂ 5 ਦਿਨਾਂ ਦੀ ਛੋਟ ਦਿੱਤੀ ਜਾਂਦੀ ਹੈ। ਯਾਨੀ ਇਸ ਛੋਟ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫ਼ਤੇ ਸਿੱਧੂ ਬਾਹਰ ਆ ਸਕਦੇ ਹਨ।