ਜਲੰਧਰ, 13 ਜੁਲਾਈ 2024 : ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ‘ਤੇ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਇਕ ਤੇਜ਼ ਰਫਤਾਰ ਬੋਲੈਰੋ ਕਾਰ ਨੇ ਫੁੱਟਪਾਥ ‘ਤੇ ਬੈਠੇ ਚਾਰ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਜਲੰਧਰ ਦੇ ਪਠਾਨਕੋਟ ਬਾਈਪਾਸ ‘ਤੇ ਰਾਤ ਦਾ ਖਾਣਾ ਖਾਣ ਬੈਠੇ ਦੋ ਨੌਜਵਾਨਾਂ ਨੂੰ ਤੇਜ਼ ਰਫਤਾਰ ਬੋਲੈਰੋ ਪਿਕਅੱਪ ਨੇ ਕੁਚਲ ਦਿੱਤਾ। ਉਸ ਦੇ ਕੋਲ ਬੈਠੇ ਦੋ ਨੌਜਵਾਨ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਫੁੱਟਪਾਥ ‘ਤੇ ਖਾਣਾ ਖਾਣ ਲੱਗ ਪਏ ਸਨ। ਪਰ ਬੁਰਕੀ ਉਸਦੀ ਕਿਸਮਤ ਵਿੱਚ ਨਹੀਂ ਸੀ। ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਇਕ ਨੌਜਵਾਨ ਕਈ ਫੁੱਟ ਦੂਰ ਜਾ ਡਿੱਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਮੌਕੇ ‘ਤੇ ਪਹੁੰਚ ਗਈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ। ਪੁਲੀਸ ਨੇ ਬੋਲੈਰੋ ਚਾਲਕ ਸ਼ੁਭਮ ਵਾਸੀ ਹਰਿਆਣਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੂੰ ਨੌਜਵਾਨ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬੋਲੈਰੋ ਚਾਲਕ ਪਠਾਨਕੋਟ ਵਿੱਚ ਸਾਮਾਨ ਛੱਡ ਕੇ ਵਾਪਸ ਆ ਰਿਹਾ ਸੀ। ਉਸ ਨੇ ਜਲੰਧਰ ਦੇ ਵਰਕਸ਼ਾਪ ਚੌਕ ਨੇੜੇ ਸਥਿਤ ਟੈਗੋਰ ਹਸਪਤਾਲ ਜਾਣਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ਾਂ ਨੂੰ ਪਛਾਣ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਦੋਵੇਂ ਮ੍ਰਿਤਕ ਨੌਜਵਾਨ ਮਜ਼ਦੂਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਬੋਲੈਰੋ ਨੇ ਦੋ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਾਰ ਚਾਲਕ ਨੇ ਦੱਸਿਆ ਕਿ ਸਟੇਅਰਿੰਗ ਅਸੰਤੁਲਿਤ ਹੋ ਗਈ ਸੀ। ਪੁਲਿਸ ਨੇ ਨਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।