ਚੰਡੀਗੜ੍ਹ, 01 ਫਰਵਰੀ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਅਪਲੋਡ ਕੀਤੀ ਹੈ ਇਸ 'ਚ ਲਿਖਿਆ ਹੈ ਕਿ 'ਜੇਕਰ ਤੁਹਾਡੇ 'ਚ ਹੁਨਰ ਹੈ ਤਾਂ ਦੁਨੀਆ ਉਸ ਦੀ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ'। ਹਾਲਾਂਕਿ ਉਨ੍ਹਾਂ ਨੇ ਇਹ ਸੋਸ਼ਲ ਮੀਡੀਆ ਪੋਸਟ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਕਾਂਗਰਸ 'ਚ ਹੰਗਾਮਾ ਮਚਿਆ ਹੋਇਆ ਹੈ। ਪਾਰਟੀ ਵਿਚ ਚੱਲ ਰਹੀ ਧੜੇਬੰਦੀ ਸੀਨੀਅਰ ਕਾਂਗਰਸੀ ਆਗੂਆਂ ਦੇ ਸਾਹਮਣੇ ਆ ਗਈ ਹੈ। ਇਸ ਦੇ ਉਲਟ ਸਿੱਧੂ ਦੀਆਂ ਰੈਲੀਆਂ ਪੂਰੀ ਤਰ੍ਹਾਂ ਸਫਲ ਰਹੀਆਂ ਹਨ। ਸਿੱਧੂ ਦੀ ਇਹ ਪੋਸਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਜਿਥੇ ਜ਼ਿਆਦਾਤਰ ਥਾਵਾਂ 'ਤੇ ਪਾਰਟੀ ਧੜੇਬੰਦੀ ਸਾਹਮਣੇ ਆ ਚੁੱਕੀ ਹੈ। ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ। ਇਸ ਦੌਰਾਨ ਸੀਨੀਅਰ ਆਗੂਆਂ ਨੂੰ ਦਖਲ ਦੇਣਾ ਪਿਆ। ਅਜਿਹੇ 'ਚ ਪਾਰਟੀ 'ਚ ਸੱਭ ਕੁੱਝ ਠੀਕ ਨਾ ਹੋਣ ਦੇ ਸੰਕੇਤ ਸਾਫ ਹਨ। ਜਦਕਿ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਦਾ ਇਸ ਮਾਮਲੇ 'ਚ ਕਹਿਣਾ ਸੀ ਕਿ ਰੈਲੀਆਂ 'ਚ ਕੋਈ ਹੰਗਾਮਾ ਨਹੀਂ ਹੋਇਆ, ਜੇਕਰ ਵਰਕਰ ਅਪਣਾ ਗੁੱਸਾ ਘਰ 'ਚ ਨਹੀਂ ਕੱਢਣਗੇ ਤਾਂ ਕਿਥੇ ਕੱਢਣਗੇ।