ਲੁਧਿਆਣਾ, 17 ਫਰਵਰੀ : ਲੁਧਿਆਣਾ ਦੇ ਨਿਊ ਜਨਤਾ ਨਗਰ ਵਿਚ ਇਕ ਪਤੀ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ 'ਤੇ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਤੀ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ ਅਤੇ ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਮ੍ਰਿਤਕ ਔਰਤ ਦਾ ਨਾਂ ਮਨਪ੍ਰੀਤ ਕੌਰ ਹੈ। ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਛੱਡ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਨਪ੍ਰੀਤ ਦਾ ਪਤੀ ਕੁਲਦੀਪ ਸਿੰਘ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਹੈ। ਕੁਲਦੀਪ ਦੇ ਵਿਆਹ ਨੂੰ ਕਰੀਬ 15 ਸਾਲ ਹੋ ਗਏ ਹਨ। ਪਤੀ-ਪਤਨੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਹੀ ਇੱਕ ਕਮਰੇ ਵਿੱਚ ਰਹਿ ਰਹੇ ਹਨ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਨਿਊ ਜਨਤਾ ਨਗਰ ਵਿੱਚ ਪਤੀ-ਪਤਨੀ ਵਿੱਚ ਝਗੜਾ ਹੋ ਗਿਆ ਹੈ। ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੁਲਜ਼ਮ ਕੁਲਦੀਪ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਪਤੀ ਕੁਲਦੀਪ ਸਿੰਘ ਮੌਕੇ ਤੋਂ ਫਰਾਰ ਹੈ। ਕੁਲਦੀਪ ਅਕਸਰ ਮਨਪ੍ਰੀਤ 'ਤੇ ਸ਼ੱਕ ਕਰਦਾ ਸੀ। ਉਸ ਨੂੰ ਸ਼ੱਕ ਸੀ ਕਿ ਮਨਪ੍ਰੀਤ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਕੁਲਦੀਪ ਨੇ ਬੀਤੀ ਰਾਤ ਮਨਪ੍ਰੀਤ ਦੀ ਕਾਫੀ ਕੁੱਟਮਾਰ ਕੀਤੀ। ਉਸ ਦੀ ਗਰਦਨ 'ਤੇ ਹਮਲੇ ਦੇ ਨਿਸ਼ਾਨ ਹਨ। ਉਸ ਨੇ ਬੇਰਹਿਮੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿਤੀ। ਮ੍ਰਿਤਕ ਮਨਪ੍ਰੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਔਰਤ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਔਰਤ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।