ਚੰਡੀਗੜ੍ਹ, 25 ਅਗਸਤ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਵਲੋਂ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ। ਉਕਤ ਚਿੱਠੀ ਵਿਚ ਪਹਿਲੀਆਂ ਚਿੱਠੀਆਂ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਤਾਂ ਮੰਗੇ ਹੀ ਗਏ ਹਨ, ਨਾਲ ਹੀ ਭਗਵੰਤ ਮਾਨ ਨੂੰ ਅਲਟੀਮੇਟਮ ਵੀ ਦੇ ਦਿੱਤਾ ਗਿਆ ਹੈ। ਗਵਰਨਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਧਮਕੀ ਦਿੱਤੀ ਹੈ ਕਿ ਉਹ ਉਨ੍ਹਾਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ, ਇਸ ਲਈ ਉਹ ਉਨ੍ਹਾਂ ਦੀਆਂ ਗੈਰ-ਸੰਵਿਧਾਨਕ ਕਾਰਵਾਈਆਂ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਇਹ ਲਿਖਣ ਲਈ ਮਜਬੂਰ ਹਾਂ ਕਿ ਪੰਜਾਬ 'ਚ ਸੰਵਿਧਾਨਕ ਤੰਤਰ ਫੇਲ੍ਹ ਹੋ ਚੁੱਕਾ ਹੈ। ਰਾਜਪਾਲ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਕਿ ਮੈਂ ਰਾਸ਼ਟਰਪਤੀ ਨੂੰ ਰਾਜ 'ਚ ਸੰਵਿਧਾਨਕ ਤੰਤਰ ਦੀ ਅਸਫਲਤਾ ਕਾਰਨ ਧਾਰਾ 356 ਤਹਿਤ ਕਾਰਵਾਈ ਕਰਨ ਅਤੇ ਧਾਰਾ 124 ਤਹਿਤ ਤੁਹਾਡੇ ਵਿਰੁੱਧ ਕਾਰਵਾਈ ਕਰਨ ਲਈ ਲਿਖਾਂ, ਕਿਰਪਾ ਕਰਕੇ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦੀ ਪੂਰੀ ਜਾਣਕਾਰੀ ਦਿਓ। ਨਹੀਂ ਤਾਂ ਮੇਰੇ ਕੋਲ ਅਜਿਹੀ ਕਾਰਵਾਈ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ।