ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਸੀਐਮ ਪੰਜਾਬ ਭਗਵੰਤ ਮਾਨ ਵਿਚਾਲੇ ਫਿਰ ਖੜਕ ਗਈ ਹੈ। ਦਰਅਸਲ, ਹੁਣ ਗਵਰਨਰ ਨੇ ਫੇਰ ਤੋਂ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਕੁੱਝ ਸਵਾਲ ਚੁੱਕੇ ਹਨ, ਜਿਨ੍ਹਾਂ ਵਿਚ ਅਹਿਮ ਸਵਾਲ ਸਕੂਲ ਪ੍ਰਿੰਸੀਪਲਾਂ ਨੁੰ ਸਿੰਗਾਪੁਰ ਭੇਜਣ ਬਾਰੇ ਕੀਤਾ ਗਿਆ ਹੈ। ਦੱਸ ਦਈਏ ਕਿ, ਪੰਜਾਬ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪਿਛਲੇ ਦੋ ਹਫ਼ਤਿਆਂ ਵਿੱਚ ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫੈਸਲਿਆਂ, ਜਿਸ ਵਿੱਚ ਸਿਖਲਾਈ ਲਈ ਸਿੰਗਾਪੁਰ ਭੇਜਣ ਲਈ ਅਧਿਆਪਕਾਂ ਦੀ ਚੋਣ ਵਿੱਚ ਪਾਰਦਰਸ਼ਤਾ ਦੀ ਘਾਟ ਵੀ ਸ਼ਾਮਲ ਹੈ, 'ਤੇ ਸਵਾਲ ਉਠਾਏ ਹਨ। ਉਥੇ ਹੀ ਦੂਜੇ ਪਾਸੇ, ਗਵਰਨਰ ਵਲੋਂ ਲਿਖੀ ਗਈ ਚਿੱਠੀ ਤੇ ਸੀਐਮ ਪੰਜਾਬ ਭਗਵੰਤ ਮਾਨ ਨੇ ਵੀ ਮੋੜਵਾਂ ਜਵਾਬ ਦੇ ਦਿੱਤਾ ਹੈ। ਸੀਐਮ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ, ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ, ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ, ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ, ਇਸੇ ਨੂੰ ਮੇਰਾ ਜਵਾਬ ਸਮਝੋ।