ਬਟਾਲਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਇੱਕ ਬੱਚੀ ਸਮੇਤ ਪੰਜ ਲੋਕਾਂ ਦੀ ਮੌਤ

ਬਟਾਲਾ, 09 ਜਨਵਰੀ : ਬਟਾਲਾ ’ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ ਇੱਕ ਬੱਚੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਕਾਰ ਸਵਾਰ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਬੱਚੀ ਨੇ ਹਸਪਤਾਲ ’ਚ ਇਲਾਜ ਦੌਰਾਨ ਦਮਤੋੜ ਦਿੱਤਾ। ਕਾਰ ’ਚ ਕੁੱਲ 6 ਲੋਕ ਸਵਾਰ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੜਕੀ ਹਾਦਸਾ ਬਟਾਲਾ ਦੇ ਪਿੰਡ ਮਿਸ਼ਰਪੁਰਾ ’ਚ ਪੈਟਰੋਲ ਪੰਪ ਕੋਲ ਹੋਇਆ ਸੀ। ਸਾਰਾ ਪਰਿਵਾਰ ਵਿਆਹ ਤੋਂ ਘਰ ਵਾਪਸ ਜਾ ਰਿਹਾ ਸੀ। ਕਿ ਅਚਾਨਕ ਕਾਰ ਦਾ ਸਤੁੰਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਦੇ ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਜ਼ਖਮੀਆਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ ਹੈ। ਹਾਦਸੇ ਚ ਜ਼ਖਮੀ ਦੋ ਬੱਚਿਆ ਨੂੰ ਤੁਰੰਤ ਹਸਪਤਾਲ ਚ ਪਹੁੰਚਾਇਆ ਗਿਆ ਜਿਨ੍ਹਾਂ ਚੋਂ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਦੂਜੇ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।