ਫਿਰੋਜ਼ਪੁਰ ਪੁਲਿਸ ਨੇ 8 ਕਿਲੋ 163 ਗ੍ਰਾਮ ਹੈਰੋਇਨ, 15,700 ਡਰੱਗ ਮਨੀ, 2 ਹਥਿਆਰ, 9 ਕਾਰਤੂਸ, ਕਾਰ, ਮੋਬਾਇਲ, ਦੋ ਮੋਟਸਾਈਕਲ ਸਮੇਤ 11 ਨੂੰ ਕੀਤਾ ਕਾਬੂ 

ਫਿਰੋਜ਼ਪੁਰ, 30 ਮਾਰਚ 2025 : ਸੂਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ 8 ਕਿਲੋ 163 ਗ੍ਰਾਤਮ ਹੈਰੋਇਨ, 15,700 ਰੁਪਏ ਡਰੱਗ ਮਨੀ, 2 ਹਥਿਆਰ, 9 ਕਾਰਤੂਸ, ਕਾਰ, ਮੋਬਾਇਲ, ਦੋ ਮੋਟਸਾਈਕਲ ਸਮੇਤ 11 ਲੋਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਮੱਲਾਂਵਾਲਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਗੱਡੀ ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਫਿਰੋਜ਼ਪੁਰ ਵੱਲ ਤੋਂ ਆ ਰਿਹਾ ਹੈ। ਜਿਸ ਤੋਂ ਬਾਅਦ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਕਰਕੇ ਅਕਾਸ਼ ਉਰਫ ਛੋਟੂ ਵਾਸੀ ਗਵਾਲ ਮੰਡੀ ਅੰਮ੍ਰਿਤਸਰ ਦੀ ਕਾਰ ਵਿੱਚੋਂ 8 ਕਿਲੋ ਹੈਰੋਇਨ, ਭਾਰਤੀ ਕਰੰਸੀ, 1 ਮੋਬਾਇਲ (ਆਈਫੋਨ) ਬਰਾਮਦ ਕੀਤਾ ਹੈ। ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਕੈਂਟ ਦੀ ਪੁਲਿਸ ਵੱਲੋਂ ਕੈਂਟ ਬੱਸ ਸਟੈਂਡ ਤੋਂ ਗੁਰਦੀਪ ਸਿੰਘ ਪੁੱਤਰ ਗੁਰਨਾਥ ਸਿੰਘ ਬਸਤੀ ਟੈਂਕਾਂ ਵਾਲੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਸਤਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਕੋਮਲ ਸਿੰਘ ਵਾਸੀ ਪੁਰਾਣਾ ਤੋਂ 136 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਥਾਣਾ ਘੱਲਖੁਰਦ ਪੁਲਿਸ ਦੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਮੇਜਰ ਸਿੰਘ ਵਾਸੀ ਵੱਡਾ ਵੇਹੜਾ ਨੂੰ 10 ਗ੍ਰਾਮ ਹੈਰੋਇਨ, 13 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਗੁਰੂਹਰਸਹਾਏ ਪੁਲਿਸ ਦੇ ਐੱਸਆਈ ਜਜਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਅਲੀਸ਼ਾ ਪੁੱਤਰ ਰੌਣਕ ਵਾਸੀ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿਸਤੌਲ, ਤਿੰਨ ਕਾਰਤੂਸ ਤੇ ਮੋਟਰਸਾਈਕਲ ਸਮੇਤ ਦੋ ਗ੍ਰਿਫਤਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਰ ਸਮਾਜੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 1 ਪਿਸਟਲ 32 ਬੋਰ, 3 ਜ਼ਿੰਦਾ ਰੋਂਦ ਅਤੇ ਇਕ ਮੋਟਰਸਾਈਕਲ ਬਿਨ੍ਹਾ ਨੰਬਰੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਿਲੇ ਵਾਲਾ ਚੋਂਕ ਫਿਰੋਜ਼ਪੁਰ ਪਾਸ ਪੁੱਜੀ ਤਾਂ ਇਸ ਦੌਰਾਨ ਖ਼ਬਰੀ ਨੇ ਇਤਲਾਹ ਦਿੱਤੀ ਕਿ ਸੁਖਪ੍ਰੀਤ ਸਿੰਘ ਉਰਫ ਕੈਪਟਨ ਪੁੱਤਰ ਰੂਪ ਸਿੰਘ ਵਾਸੀ ਪਿੰਡ ਨੂਰਪੁਰ ਸੇਠਾਂ ਅਤੇ ਬਲਜਿੰਦਰ ਸਿੰਘ ਉਰਫ ਬੰਟੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੁਕਨਾ ਮੁੰਗਲਾ ਨੇ ਆਪਣੇ ਪਾਸ ਨਾਜਾਇਜ਼ ਪਿਸਟਲ ਰੱਖਿਆ ਹੋਇਆ ਹੈ। ਇਸ ਵਕਤ ਸੁਖਪ੍ਰੀਤ ਸਿੰਘ ਉਰਫ ਕੈਪਟਨ ਅਤੇ ਬਲਜਿੰਦਰ ਸਿੰਘ ਉਰਫ ਬੰਟੀ ਦੋਵੇਂ ਜਣੇ ਹੀ ਹੂਸੈਨੀਵਾਲਾ ਨੂੰ ਜਾਂਦੀ ਸੜਕ ’ਤੇ ਕਿਲੇ ਵਾਲਾ ਚੋਂਕ ਕੋਲ ਕਿਸੇ ਫਿਰਾਕ ਵਿਚ ਖੜੇ ਹਨ । ਇਸ ’ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਦੋਵਾਂ ਦੋਸ਼ੀਅਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ , 3 ਰੋਂਦ ਜ਼ਿੰਦਾ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਦਿਆਂ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਜਾਇਜ਼ ਅਸਲੇ ਤੇ ਸਕਾਰਪੀਓ ਸਮੇਤ ਦੋ ਅੜਿੱਕੇ ਇਸੇ ਤਰਾਂ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਅਤੇ ਇਕ ਕਾਰ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਦੌਰਾਨ ਗਸ਼ਤ ਲਵਜੋਤ ਸਿੰਘ ਉਰਫ ਕਾਲੂ ਪੁੱਤਰ ਕਿਰਨਦੀਪ ਸਿੰਘ ਵਾਸੀ ਗਾਦੜੀ ਵਾਲਾ ਥਾਣਾ ਸਿਟੀ ਜ਼ੀਰਾ ਦੀ ਤਲਾਸ਼ੀ ਕੀਤੀ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿਚ ਇਕ ਦੇਸੀ ਕੱਟਾ (ਪਿਸਤੌਲ) 315 ਬੋਰ ਬਿਨ੍ਹਾ ਨੰਬਰੀ ਜਿਸ ਵਿਚ ਇਕ ਰੋਂਦ ਜ਼ਿੰਦਾ ਭਰਿਆ ਹੋਇਆ ਹੈ ਮਿਲਿਆ ਅਤੇ ਪੈਂਟ ਦੀ ਸੱਜੀ ਜੇਬ ਵਿਚੋਂ ਤਿੰਨ ਰੋਂਦ ਜ਼ਿੰਦਾ 315 ਬੋਰ ਜਿਨ੍ਹਾਂ ਉਪਰ ਬੀਐੱਮਐੱਮ-ਕੇਐੱਫ ਲਿਖਿਆ ਹੋਇਆ ਹੈ ਬਰਾਮਦ ਹੋਏ। ਜਿਸ ਬਾਬਤ ਲਵਜੋਤ ਸਿੰਘ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ । ਦੂਜੇ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਸੁਰਜੀਤ ਸਿੰਘ ਵਾਸੀ ਬੰਡਾਲਾ ਨੌਂ ਬੰਬ ਦੀ ਤਲਾਸ਼ੀ ਦੌਰਾਨ ਉਸ ਕੋਲੋਂ 3 ਰੋਂਦ ਜ਼ਿੰਦਾ, ਜਿਨ੍ਹਾਂ ਉਪਰ ਕੇਐੱਫ-7.65 ਲਿਖਿਆ ਹੋਇਆ, ਇਕ ਕਾਰ ਸਕਾਰਪਿਓ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 

https://www.facebook.com/Ferozepurpolice/videos/687443236972436