ਨਸ਼ਾ ਦੇਸ਼ ਦੇ ਭਵਿੱਖ ਨੂੰ ਘੁਣ ਵਾਂਗ ਖਾ ਰਿਹਾ ਹੈ : ਜਸਟਿਸ ਸੰਦੀਪ ਮੌਦਗਿਲ

  • ਪੰਜਾਬ 'ਚ ਹੈਰੋਇਨ ਨਾਲ ਸਬੰਧਤ ਜ਼ਮਾਨਤ ਮਾਮਲਿਆਂ 'ਚ ਅਚਾਨਕ ਵਾਧੇ ਤੇ ਹਾਈ ਕੋਰਟ ਪ੍ਰਗਟਾਈ ਚਿੰਤਾ

ਚੰਡੀਗੜ੍ਹ, 30 ਜਨਵਰੀ 2025 : ਪੰਜਾਬ ਵਿੱਚ ਹੈਰੋਇਨ ਦੇ ਕੇਸ਼ਾਂ ਵਿੱਚ ਜਮਾਨਤ ਸਬੰਧੀ ਪੰਜਾਬ ਐਡ ਹਰਿਆਣਾ ਹਾਈਕੋਰਟ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਨਸ਼ਾ ਦੇਸ਼ ਦੇ ਭਵਿੱਖ ਨੂੰ ਘੁਣ ਵਾਂਗ ਖਾ ਰਿਹਾ ਹੈ। ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਹੈਰੋਇਨ ਤਸਕਰੀ ਨਾਲ ਸਬੰਧਤ ਜ਼ਮਾਨਤ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਮੌਦਗਿਲ ਨੇ ਕਿਹਾ ਕਿ ਸਰਕਾਰ ਇਸ ਖ਼ਤਰੇ ਨੂੰ ਰੋਕਣ ਵਿੱਚ ਅਸਫ਼ਲ ਰਹੀ ਹੈ, ਖਾਸ ਕਰਕੇ ਪੰਜਾਬ ਵਿੱਚ, ਜਿੱਥੇ ਇਹ ਸਮੱਸਿਆ ਸਭ ਤੋਂ ਗੰਭੀਰ ਹੈ। ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਹਿ ਮੁਲਜ਼ਮ ਹਰਜਿੰਦਰ ਸਿੰਘ ਦੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਹੀ ਉਸ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ। ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਅਪਰਾਧ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ, ਤਾਂ ਜੋ ਕਾਨੂੰਨ ਦਾ ਸਤਿਕਾਰ ਬਰਕਰਾਰ ਰਹੇ ਅਤੇ ਇਸ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾ ਸਕੇ। ਅਦਾਲਤ ਨੇ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲਾ ਵਿਅਕਤੀ ਸਾਧਾਰਨ ਇਨਸਾਨ ਨਹੀਂ ਰਹਿੰਦਾ ਸਗੋਂ ਅਸਾਧਾਰਨ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਤੇਜ਼ੀ ਨਾਲ ਆਪਣੀ ਤਬਾਹੀ ਵੱਲ ਵਧਦਾ ਹੈ। ਹਾਈਕੋਰਟ ਨੇ ਫਾਜ਼ਿਲਕਾ ਵਾਸੀ ਰਿੰਕੂ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਹੈ। ਉਸ 'ਤੇ 9 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਦਾ ਦੋਸ਼ ਸੀ। ਕੇਸ ਮੁਤਾਬਕ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚੀ ਸੀ।