ਪ੍ਰੈਸ ਕਲੱਬ ਵੱਲੋਂ ਕੀਤੇ ਸਮਾਗਮ ਵਿੱਤ ਮੰਤਰੀ ਚੀਮਾ ਨੇ ਕੀਤੀ ਗਈ ਸ਼ਿਰਕਤ
ਮੋਹਾਲੀ : ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਸੌ ਫੀਸਦੀ ਪੂਰੀਆਂ ਕੀਤੀਆਂ ਜਾਣਗੀਆਂ । ਸਾਡਾ ਤੁਹਾਡੇ ਨਾਲ ਇਹ ਵਾਅਦਾ ਹੈ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਵਾਗੇ । ਪੰਜਾਬ ਸਰਕਾਰ ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਪਹਿਲੇ ਛੇ ਮਹੀਨਿਆਂ ਵਿੱਚ ਲਾ ਮਿਸਾਲ ਕੰਮ ਕੀਤੇ ਗਏ ਹਨ । ਜੀ.ਐਸ.ਟੀ ਦੀ ਕੰਲੈਕਸ਼ਨ ਵਿੱਚ 24 ਫੀਸਦੀ ਦਾ ਵਾਧਾ ਹੋਇਆ ਹੈ ਜਦਕਿ ਨਵੀਂ ਆਬਕਾਰੀ ਨੀਤੀ ਅਮਲ ਵਿੱਚ ਆਉਂਣ ਨਾਲ 44 ਫੀਸਦੀ ਮਾਲੀਆ ਵਧੇਗਾ । ਇਹ ਬਿਆਨ ਸ੍ਰੀ ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ ਪੰਜਾਬ ਸਰਕਾਰ ਵੱਲੋਂ ਅੱਜ ‘ਮੋਹਾਲੀ ਪ੍ਰੈੱਸ ਕਲੱਬ’ ਵਲੋਂ ਪ੍ਰਾਚੀਨ ਕਲਾ ਕੇਂਦਰ, ਸੈਕਟਰ 71 ਵਿਚ ਕੀਤੇ ਗਏ ਤਾਜ ਪੋਸ਼ੀ ਸਮਾਗਮ ਦੌਰਾਨ ਸੰਬੋਧਨ ਕਰਦਿਆ ਦਿੱਤਾ । ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਮੋਹਾਲੀ, ਸ੍ਰੀ ਕੁਲਵੰਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਮਾਗਮ ਦੌਰਾਨ ਬੋਲਦਿਆ ਵਿੱਤ ਮੰਤਰੀ ਨੇ ਕਿਹਾ ਕਿ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਪੱਤਰਕਾਰਾਂ ਦਾ ਅਹਿਮ ਰੋਲ ਹੈ । ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਭੂਮਿਕਾ ਤੋਂ ਬਿਨਾ ਕੋਈ ਵੀ ਲੋਕਤੰਤਰ ਸਫ਼ਲ ਅਤੇ ਮਜ਼ਬੂਤ ਨਹੀ ਹੋਂ ਸਕਦਾ । ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਉਸਾਰੂ ਭੂਮਿਕਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ ਕਿਉਕਿ ਪੱਤਰਕਾਰ ਸਮਾਜ ਦੇ ਕੁੱਝ ਅਜਿਹੀ ਅਣਗੋਹਲੇ ਵਰਗਾ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਮੁਸ਼ਕਲਾ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹਨ ਜਿਥੇ ਕਈ ਵਾਰ ਸਰਕਾਰੀ ਮਸ਼ਿਨਰੀ ਪਹੁੰਚਣ ਵਿੱਚ ਅਸਫ਼ਲ ਹੁੰਦੀ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਸੂਬਿਆ ਵਿੱਚ ਸਿਰਫ ਦੋ,ਤਿੰਨ ਪਾਰਟੀਆਂ ਵੱਲੋਂ ਹੀ ਸਰਕਾਰਾਂ ਚਲਾਈਆਂ ਜਾਦੀਆਂ ਸਨ। ਜਦਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੂੰ ਮੁੰਢੋ ਨਕਾਰਦੇ ਹੋਏ ਲੋਕਾ ਨੇ ਆਮ ਆਦਮੀ ਪਾਰਟੀ ਦੇ 92 ਐਮ.ਐਲ.ਏ ਜਿੱਤਾ ਕੇ ਪੰਜਾਬ ਅਸੈਬਲੀ ਵਿੱਚ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਿੱਤੇ ਹੋਏ ਵਿਧਾਇਕਾ ਵਿੱਚੋਂ 81 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ ਅਤੇ ਆਮ ਆਦਮੀ ਪਰਟੀ ਦੇ ਜਿੱਤੇ 92 ਵਿਧਾਇਕਾ ਵਿੱਚੋਂ 90 ਦਾ ਕੋਈ ਸਿਆਸੀ ਪਿਛੋਕੜ ਨਹੀ । ਉਨ੍ਹਾਂ ਕਿਹਾ ਸਰਕਾਰ ਨਵੀਂ ਸੋਚ ਅਤੇ ਨਵੀ ਊਰਜਾ ਨਾਲ ਕੰਮ ਕਰ ਰਹੀ ਹੈ । ਜਿਸ ਦਾ ਨਤੀਜਾ ਇਹ ਹੈ ਕਿ ਉਹ ਕੰਮ ਜਿਹੜਾ ਪਹਿਲੀਆਂ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਮਗਰੋ ਸਾਡੇ ਚਾਰ ਸਾਲ ਤੱਕ ਨਹੀ ਸੀ ਕਰਦੀਆਂ ਉਹ ਕੰਮ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਛੇ ਮਹੀਨਿਆ ਵਿੱਚ ਕਰ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਭ੍ਰਿਸ਼ਾਟਾਰ ਵਿਰੁੱਧ ਚਲਾਈ ਮੁਹਿੰਮ ਕਾਰਨ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਹੋ ਚੁੱਕਾ ਹੈ । ਉਹਨਾਂ ਕਿਹਾ ਕਿ ਸਰਕਾਰ ਦੀ ਪਹਿਲੀ ਗਾਰੰਟੀ ਹਰ ਘਰ ਨੂੰ 300 ਯੁਨਿਟ ਮੁਫ਼ਤ ਬਿਜਲੀ ਦੇਣਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਉਹਨਾਂ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਹੀ ਸਿੱਧਾ ਮੁਕਾਬਲਾ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮੋਹਾਲੀ ਪ੍ਰੈਸ ਕਲੱਬ ਨੂੰ ਜਲਦ ਹੀ ਬਣਦੇ ਨਿਯਮਾਂ ਮੁਤਾਬਿਕ ਗੱਲਬਾਤ ਕਰਕੇ ਜ਼ਮੀਨ ਅਲਾਟ ਕੀਤੀ ਜਾਵੇਗੀ। ਉਹਨਾਂ ਇਸ ਸਮਾਗਮ ਮੌਕੇ ਮੋਹਾਲੀ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈੱਸ ਕਲੱਬ ਦੇ ਤਾਜਪੋਸ਼ੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਲਈ ਮੀਡੀਏ ਦਾ ਵੱਡਾ ਰੋਲ ਹੈ ਅਤੇ ਇਸ ਲਈ ਮੈਂ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੋਹਾਲੀ ਵਰਗੇ ਯੋਜਨਾਬੱਧ ਸ਼ਹਿਰ ਵਿਚ ਪ੍ਰੈਸ ਕਲੱਬ ਇਮਾਰਤ ਦਾ ਹੋਣਾ ਜ਼ਰੂਰੀ ਹੈ। ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਸਮੇਤ ਸਮੂਹ ਨਵੀਂ ਚੁਣੀ ਟੀਮ ਸਮੇਤ ਜ਼ਿਲ੍ਹੇ ਦੇ ਵੱਖ ਵੱਖ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਹਾਜ਼ਰ ਸੀ ।