ਦੋ ਪੁਲਿਸ ਮੁਲਾਜਮਾਂ ਦੀਆਂ ਆਦਮਪੁਰ ਰੇਲਵੇ ਸਟੇਸ਼ਨ ਤੋਂ ਮਿਲੀਆਂ ਲਾਸ਼ਾਂ 

ਜਲੰਧਰ, 08 ਅਕਤੂਬਰ 2024 : ਜਲੰਧਰ ਦਿਹਾਤੀ ਪੁਲਿਸ ਦੇ ਏਰੀਆ ਵਿੱਚ ਹੁਸ਼ਿਆਰਪੁਰ ਜਿਲ੍ਹੇ ਨਾ ਸਬੰਧਿਤ ਦੋ ਪੁਲਿਸ ਮੁਲਾਜਮਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਦੋ ਨਾਬਾਲਗ ਮੁਲਜ਼ਮਾਂ ਨੂੰ ਕਪੂਰਥਲਾ ਦੀ ਅਦਾਲਤ ਤੋਂ ਹੁਸ਼ਿਆਰਪੁਰ ਜੁਵੇਨਾਈਲ ਜੇਲ੍ਹ ਜਾਂਦੇ ਸਮੇਂ ਆਦਮਪੁਰ ਨੇੜੇ ਉਨ੍ਹਾਂ ਦੀ ਹਿਰਾਸਤ ਵਿੱਚੋਂ ਇੱਕ ਮੁਲਜ਼ਮ ਭੱਜ ਗਿਆ, ਜਿਸ ਤੋਂ ਬਾਅਦ ਐਲਆਰ ਏਐਸਆਈ ਜੀਵਨ ਲਾਲ ਅਤੇ ਐਲਆਰ ਏਐਸਆਈ ਪ੍ਰੀਤਮ ਦਾਸ ਵੱਲੋਂ ਉਸ ਦੀ ਭਾਲ ਕਰਨ ਲਈ ਪਿੋੱਛਾ ਕੀਤਾ ਗਿਆ ਤਾਂ ਮੁਜ਼ਲਮ ਫਰਾਰ ਹੋ ਗਿਆ। ਪਰ ਉਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਦੀਆਂ ਲਾਸ਼ਾਂ ਆਦਮਪੁਰ ਰੇਲਵੇ ਸਟੇਸ਼ਨ ਤੋਂ ਮਿਲੀਆਂ।ਤੀਸਰੇ ਐਲਆਰ ਏਐਸਆਈ ਹਰਜਿੰਦਰ ਸਿੰਘ ਨੇ ਦੂਸਰੇ ਦੋਸ਼ੀ ਨੂੰ ਹਿਰਾਸਤ ਵਿੱਚ ਰੱਖਿਆ ਅਤੇ ਇਸ ਘਟਨਾਂ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।  ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਤੇ ਐੱਸਐੱਚਓ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੀ ਅਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਫ਼ਰਾਰ ਹੋਏ ਨਾਬਾਲਗ ਅਮਨਦੀਪ ਉਰਫ ਕਾਲੂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀਐੱਸਪੀ ਆਦਮਪੁਰ ਦੀ ਨਿਗਰਾਨੀ ਹੇਠ ਐੱਸਐੱਚਓ ਆਦਮਪੁਰ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਦੋਵਾਂ ਅਧਿਕਾਰੀਆਂ ਦੀ ਮੌਤ ਦੇ ਸਬੰਧ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਵਿੱਚ ਜੀਆਰਪੀ ਦੀ ਸਹਾਇਤਾ ਕੀਤੀ ਜਾ ਰਹੀ ਹੈ। ਐੱਸਐੱਸਪੀ ਖੱਖ ਨੇ ਮ੍ਰਿਤਕ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਸਸਕਾਰ ਪ੍ਰੋਟੋਕੋਲ ਦੇ ਅਨੁਸਾਰ ਕੀਤਾ ਜਾਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਮ੍ਰਿਤਕ ਅਧਿਕਾਰੀਆਂ ਦਾ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਸਨਮਾਨ ਕੀਤਾ ਜਾਵੇ। ਐੱਸਐੱਸਪੀ ਖੱਖ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਜਲਦ ਹੱਲ ਕਰਨ ਤੱਕ ਪਹੁੰਚਾਉਣ ਲਈ ਹੁਸ਼ਿਆਰਪੁਰ ਪੁਲਿਸ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੀ ਹੈ।