ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਲਗਾਇਆ ਗਿਆ ਗਲੂਕੋਜ਼

  • ਡੱਲੇਵਾਲ ਦੇ ਮਰਨ ਵਰਤ ਦਾ ਅੱਜ ਹੈ 55ਵਾਂ ਦਿਨ

ਖਨੌਰੀ, 19 ਜਨਵਰੀ 2025 : ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਹੋਵੇਗੀ। ਸ਼ਨੀਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਖਨੌਰੀ ਸਰਹੱਦ ‘ਤੇ ਪਹੁੰਚੇ। ਇੱਥੇ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ, ਜੋ ਮਰਨ ਵਰਤ ‘ਤੇ ਹਨ ਅਤੇ ਉਹਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਇਸ ਤੋਂ ਬਾਅਦ ਡੱਲੇਵਾਲ ਡਾਕਟਰੀ ਸਹੂਲਤ ਲੈਣ ਲਈ ਰਾਜ਼ੀ ਹੋ ਗਏ ਹਨ। ਉਹਨਾਂ ਨੂੰ ਗਲੂਕੋਜ਼ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਡੱਲੇਵਾਲ ਦੇ ਮਰਨ ਵਰਤ ਦਾ 55ਵਾਂ ਦਿਨ ਹੈ, ਉਹ 26 ਨਵੰਬਰ ਤੋਂ ਭੁੱਖ ਹੜਤਾਲ ਤੇ ਹਨ। ਸੱਦੇ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਭਾਰਤੀ ਕਿਸਾਨ ਯੂਨੀਅਨ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਮੰਗਾਂ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਇੱਕ ਮੀਟਿੰਗ 14 ਫਰਵਰੀ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿਖੇ ਲੋਕ ਪ੍ਰਸ਼ਾਸਨ ਵਿਭਾਗ, ਸੈਕਟਰ-26, ਚੰਡੀਗੜ੍ਹ ਵਿਖੇ ਹੋਵੇਗੀ। ਡੱਲੇਵਾਲ ਨੇ ਡਾਕਟਰੀ ਸੇਵਾਵਾਂ ਲੈਣ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਉੱਥੇ ਹੀ ਉਹਨਾਂ ਦੇ ਹੱਕ ਵਿੱਚ ਮਰਨ ਵਰਤੇ ਤੇ ਬੈਠੇ 121 ਕਿਸਾਨਾਂ ਨੇ ਆਪਣੇ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਸਿਰਫ਼ ਡੱਲੇਵਾਲ ਹੀ ਮਰਨ ਵਰਤ ਤੇ ਰਹਿਣਗੇ।

ਡੱਲੇਵਾਲ ਨੂੰ ਲਗਾਇਆ ਗਿਆ ਗਲੂਕੋਜ਼
ਕੇਂਦਰ ਦੇ ਸੱਦੇ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਡੱਲੇਵਾਲ ਨੂੰ ਗਲੂਕੋਜ਼ ਚੜਾਇਆ ਹੈ। ਇਸ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਧਰ ਡਾਕਟਰ ਸਵੈਮਾਨ ਸਿੰਘ ਨੇ 14 ਫਰਬਰੀ ਨੂੰ ਹੋਣ ਵਾਲੀ ਮੀਟਿੰਗ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਨਾਜ਼ੁਕ ਹੈ। ਜਿਸ ਕਰਕੇ ਮੀਟਿੰਗ ਵਿੱਚ ਐਨਾ ਸਮਾਂ ਨਹੀਂ ਪਾਉਣਾ ਚਾਹੀਦਾ। ਕਿਉਂਕਿ ਬਿਨਾਂ ਖਾਣੇ ਤੋਂ 14 ਫ਼ਰਬਰੀ ਤੱਕ ਡੱਲੇਵਾਲ ਦੀ ਸਿਹਤ ਹੋਰ ਵਿਗੜ ਸਕਦੀ ਹੈ।

 

q