ਫਿਰੋਜ਼ਪੁਰ, 24 ਅਗਸਤ : ਭਾਰਤ – ਪਾਕਿਸਤਾਨ ਸਰੱਹਦ ਤੇ ਫਿਰੋਜ਼ਪੁਰ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ, ਇਸ ਡਰੋਨ ਨਾਲ ਕਰੋੜਾਂ ਰੁਪਏ ਦੀ ਕੀਮਤ ਦੀ ਹੈਰੋਇਨ ਵੀ ਬੰਨ੍ਹੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਡਰੋਨ ਦੀ ਹਰਕਤ ਦੇਖੀ ਗਈ, ਜਿਸ ਤੇ ਬੀਐਸਐਫ ਵੱਲੋਂ ਰਾਤ ਸਮੇਂ ਪੰਜਾਬ ਪੁਲਿਸ ਫਿਰੋਜ਼ਪੁਰ ਦੇ ਨਾਲ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਦੇਰ ਰਾਤ ਜਦੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ, ਡਰੋਨ ਡਿੱਗਿਆ ਹੋਣ ਕਰਕੇ ਟੁੱਟ ਗਿਆ। ਇਸ ਡਰੋਨ ਨਾਲ ਇੱਕ ਪੀਲੇ ਰੰਗ ਦਾ ਪੈਕਟ ਵੀ ਬੰਨਿ੍ਹਆ ਹੋਇਆ ਸੀ, ਜਿਸ ਵਿੱਚ ਛੋਟੇ ਛੋਟੇ ਪੈਕੇਟ ਸਨ, ਜਿਸ ਦਾ ਕੁੱਲ ਵਜਨ 3.4 ਕਿਲੋ ਦੱਸਿਆ ਜਾ ਰਿਹਾ ਹੈ, ਅਧਿਕਾਰੀਆਂ ਅਨੁਸਾਰ ਇਸ ਹੈਰੋਇਨ ਦੀ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਕੀਮਤ ਲੱਗਭੱਗ 21 ਕਰੋੜ ਰੁਪਏ ਦੀ ਹੈ।ਬੀਐਸਐਫ ਅਤੇ ਪੁਲਿਸ ਵੱਲੋਂ ਮਿਲੀ ਹੈਰੋਇਨ ਦੀ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਡਰੋਨ ਨੂੰ ਵੀ ਜਬਤ ਕਰਕੇ ਫੋਰੈਂਸ਼ਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।