ਅਰਨੀਵਾਲਾ, 21 ਫਰਵਰੀ : ਫਾਜ਼ਿਲਕਾ ‘ਚ ਅਰਨੀਵਾਲਾ ਰੋਡ ‘ਤੇ ਪਿੰਡ ਇਸਲਾਮ ਵਾਲਾ ਨੇੜੇ ਵੱਡਾ ਹਾਦਸਾ ਵਾਪਰ ਗਿਆ। ਨਹਿਰ ‘ਚ ਜੀਪ ਡਿੱਗਣ ਕਾਰਨ ਇਕ ਜੋੜੇ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ 15 ਸਾਲਾ ਬੇਟਾ ਬਚ ਗਿਆ। ਜੀਪ ਪੁੱਤਰ ਚਲਾ ਰਿਹਾ ਸੀ। ਨਹਿਰ ਦੇ ਨੇੜੇ ਮੌਜੂਦ ਲੋਕਾਂ ਨੇ ਮੁੰਡੇ ਨੂੰ ਨਹਿਰ ਵਿੱਚ ਛਾਲ ਮਾਰ ਕੇ ਬਚਾਇਆ। ਅੱਧੇ ਘੰਟੇ ਬਾਅਦ ਜਦੋਂ ਜੀਪ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਪਤੀ-ਪਤਨੀ ਦੀਆਂ ਲਾਸ਼ਾਂ ਫਸੀਆਂ ਹੋਈਆਂ ਮਿਲੀਆਂ। ਇਹ ਲੋਕ ਮੰਗਲਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਇਸਲਾਮ ਵਾਲਾ ਪਰਤ ਰਹੇ ਸਨ। ਪੁਲਿਸ ਚੌਕੀ ਅਰਨੀਵਾਲਾ ਦੇ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਹੁਣ ਮੁੰਡਾ ਵਾਸੀ ਇਸਲਾਮ ਵਾਲਾ ਆਪਣੇ ਪਿਤਾ ਜਸਮਤ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਇਸਲਾਮ ਵਾਲਾ ਜੀਪ ’ਤੇ ਆ ਰਹੇ ਸਨ। ਜੀਪ ਨੂੰ ਨਾਬਾਲਗ ਪੁੱਤਰ ਹੀ ਚਲਾ ਰਿਹਾ ਸੀ। ਜਦੋਂ ਉਹ ਅਰਨੀਵਾਲਾ ਰੋਡ ‘ਤੇ ਇਸਲਾਮ ਵਾਲਾ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਅਚਾਨਕ ਜੀਪ ਬੇਕਾਬੂ ਹੋ ਕੇ ਗੰਗਾ ਕੈਨਾਲ ਨਹਿਰ ‘ਚ ਜਾ ਡਿੱਗੀ। ਪੁੱਤਰ ਵੀ ਬੁਰਜ ਦੇ ਨਾਲ ਹੀ ਨਹਿਰ ਵਿੱਚ ਡਿੱਗ ਗਿਆ ਅਤੇ ਬੁਰਜ ਦੇ ਆਸਰੇ ਹੋਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਤੋਂ ਬਚ ਗਿਆ। ਨਹਿਰ ਦੇ ਤੇਜ਼ ਵਹਾਅ ਕਾਰਨ ਜੀਪ ਸਣੇ ਉਸ ਦੇ ਮਾਤਾ-ਪਿਤਾ ਰੁੜ ਗਏ। ਉਥੇ ਮੌਜੂਦ ਲੋਕਾਂ ਨੇ ਬੇਟੇ ਨੂੰ ਨਹਿਰ ‘ਚੋਂ ਸੁਰੱਖਿਅਤ ਬਾਹਰ ਕੱਢਿਆ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਅੱਧੇ ਘੰਟੇ ਬਾਅਦ ਜੀਪ ਨੂੰ ਨਹਿਰ ‘ਚੋਂ ਬਾਹਰ ਕੱਢਿਆ ਅਤੇ ਪਤੀ-ਪਤਨੀ ਇਸ ‘ਚ ਫਸੇ ਹੋਏ ਸਨ। ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।