ਬਠਿੰਡਾ, 9 ਅਪ੍ਰੈਲ : ਬਠਿੰਡਾ 'ਚ ਹੋਟਲ ਦੇ ਕਮਰੇ ਵਿਚ ਇਕ ਕੁੜੀ ਨੇ ਮੁੰਡੇ ਨੂੰ ਬਲੇਡ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਬਾਰੇ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ, ਕਿ ਕਿਸੇ ਹੋਟਲ 'ਚ ਇਕ ਮੁੰਡਾ ਗੰਭੀਰ ਹਾਲਤ 'ਚ ਜ਼ਖਮੀ ਪਿਆ ਹੋਇਆ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਮੁੰਡਾ ਲਹੂ-ਲੂਹਾਨ ਹਾਲਤ 'ਚ ਬੈੱਡ ਤੋਂ ਹੇਠਾਂ ਜ਼ਮੀਨ 'ਤੇ ਬੇਹੋਸ਼ ਪਿਆ ਹੋਇਆ ਸੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਕਿਸੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਮੁੰਡੇ 'ਤੇ ਕਿਸੇ ਕੁੜੀ ਨੇ ਬਲੇਡ ਨਾਲ ਹਮਲਾ ਕੀਤਾ ਹੈ। ਸੰਦੀਪ ਨੇ ਪੁਲਿਸ ਨੂੰ ਦੱਸਿਆ ਕਿ ਮਾਨਸਾ ਨਿਵਾਸੀ ਨੌਜਵਾਨ ਹਰਦੀਪ ਸਿੰਘ ਸੋਮਵਾਰ ਨੂੰ ਮਾਨਸਾ ਤੋਂ ਕੁੜੀ ਨਾਲ ਹੋਟਲ ’ਚ ਆਇਆ ਸੀ। ਸਾਰਾ ਦਿਨ ਦੋਵੇਂ ਕਮਰੇ ਵਿਚ ਹੀ ਰਹੇ। ਇਸ ਤੋਂ ਬਾਅਦ ਰਾਤ ਨੂੰ ਉਸ ਦੇ ਕਮਰੇ ’ਚੋਂ ਆਵਾਜ਼ ਆਈ। ਹੋਟਲ ’ਚ ਮੌਜੂਦ ਲੜਕੇ ਨੇ ਉਸ ਨੂੰ ਇਸ ਦੀ ਸੂਚਨਾ ਦਿੱਤੀ। ਇਸ ਦੌਰਾਨ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਹੈ ਕਿ ਨੌਜਵਾਨ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ। ਹੁਣ ਉਹ ਬੋਲ ਰਿਹਾ ਹੈ। ਉਸ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋਸ਼ੀ ਲੜਕੀ ਨੂੰ ਵੀ ਪੁਲਿਸ ਨੇ ਫੜ ਲਿਆ ਹੈ। ਘਟਨਾ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਆ ਗਈ ਸੀ ਅਤੇ ਹੋਟਲ ਦੇ ਨੇੜੇ ਸੀ। ਫਿਲਹਾਲ ਲੜਕੀ ਕੁਝ ਨਹੀਂ ਕਹਿ ਰਹੀ ਹੈ। ਉਸ ਦੇ ਬਿਆਨ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਕਮਰੇ ’ਚ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।