ਬਿਜਲੀ ਮੁਲਾਜ਼ਮਾਂ ਵਲੋਂ ਮੁੱਖ ਦਫ਼ਤਰ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ

ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਬਿਜਲੀ ਮੁਲਾਜ਼ਮਾਂ ਨੇ ਇੱਥੇ ਪਾਵਰਕਾਮ ਤੇ ਟਰਾਂਸਕੋ ਦੇ ਮੁਖ ਦਫ਼ਤਰ ਪਟਿਆਲਾ ਦੇ ਤਿੰਨਾਂ ਗੇਟਾਂ ਅੱਗੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਕਾਰਨ ਮੁੱਖ ਦਫ਼ਤਰ ਦਾ ਕੰਮ ਠੱਪ ਰਿਹਾ | ਇਸ ਉਪਰੰਤ ਮੁਲਾਜ਼ਮਾਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ | ਇਹ ਮੰਗ ਪੱਤਰ ਕਰਮਜੀਤ ਸਿੰਘ ਐਸ.ਡੀ.ਐਮ. ਨੇ ਪ੍ਰਾਪਤ ਕਰਕੇ ਇਕ-ਦੋ ਦਿਨ ਵਿਚ ਪੈਨਲ ਮੀਟਿੰਗ ਦੇਣ ਦਾ ਭਰੋਸਾ ਦਿੱਤਾ | ਇਹ ਰੋਸ ਪ੍ਰਦਰਸ਼ਨ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਫ਼ੈਸਲੇ ਅਨੁਸਾਰ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟਰੀਅਲ ਸਰਵਿਸਜ ਯੂਨੀਅਨ, ਥਰਮਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ (ਇੰਟਕ), ਹੈੱਡ ਆਫ਼ਿਸ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਮਜ਼ਦੂਰ ਸੰਘ ਅਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਟਾਲਮਟੋਲ ਦੀ ਨੀਤੀ ਵਿਰੁੱਧ ਕੀਤਾ ਗਿਆ | ਇਸ ਧਰਨੇ ਨੂੰ ਫੋਰਮ ਦੇ ਸੂਬਾ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕਰਮ ਚੰਦ ਖੰਨਾ, ਹਰਜਿੰਦਰ ਸਿੰਘ, ਬਿ੍ਜ ਲਾਲ, ਪ੍ਰੀਤਮ ਸਿੰਘ ਪਿੰਡੀ, ਬਲਵਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਰਵੇਲ ਸਿੰਘ ਸਹਾਏਪੁਰ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਜਗਜੀਤ ਸਿੰਘ ਕੋਟਲੀ, ਸੁਖਵਿੰਦਰ ਸਿੰਘ ਦੁੰਮਨਾ, ਰਾਮ ਲੁਭਾਇਆ, ਗੁਰਦਿੱਤ ਸਿੰਘ ਸਿੱਧੂ ਅਤੇ ਨਛੱਤਰ ਸਿੰਘ ਰਣੀਕੇ ਆਦਿ ਨੇ ਸੰਬੋਧਨ ਕੀਤਾ | ਆਗੂਆਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ 2 ਜੁਲਾਈ ਤੋਂ ਲਗਾਤਾਰ ਚੇਅਰਮੈਨ ਅਤੇ ਡਾਇਰੈਕਟਰਜ਼ ਵਿਰੁੱਧ ਫ਼ੀਲਡ ਵਿਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਨਿਯਮ ਅਨੁਸਾਰ ਕੰਮ ਕਰਨ ਦਾ ਐਲਾਨ ਕੀਤਾ |