ਚੰਡੀਗੜ੍ਹ, 14 ਜਨਵਰੀ : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮ ਪੀ. ਚੌਧਰੀ ਸਿੰਘ ਸੰਤੋਖ ਸਿੰਘ ਅੱਜ 14 ਜਨਵਰੀ 2023 ਨੂੰ ਅਕਾਲ ਚਲਾਨਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਨਾ ਕਰ ਜਾਣ ਨਾਲ ਜਲੰਧਰ ਐਮ.ਪੀ ਸੀਟ ਖ਼ਾਲੀ ਹੋ ਗਈ ਹੈ। ਜਾਣਕਾਰਾਂ ਦੀ ਮੰਨੀਏ ਤਾਂ, ਅਗਲੇ ਕੁੱਝ ਮਹੀਨਿਆਂ ਦੇ ਅੰਦਰ ਇੱਥੇ ਜ਼ਿਮਨੀ ਚੋਣ ਕਰਵਾਈ ਜਾਵੇਗੀ। ਜਾਣਕਾਰੀ ਲਈ ਦੱਸ ਦਈਏ ਕਿ, ਮਾਰਚ 2022 ਵਿੱਚ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੇ ਅਧੀਨ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਸੰਗਰੂਰ ਸੰਸਦੀ ਹਲਕੇ ਤੋਂ ਬਾਅਦ ਪੰਜਾਬ ਵਿੱਚ ਇਹ ਦੂਜੀ ਲੋਕ ਸਭਾ ਜ਼ਿਮਨੀ ਚੋਣ ਹੋਵੇਗੀ। ਇਸ ਦੌਰਾਨ ਜ਼ਿਮਨੀ ਚੋਣ ਦੀ ਕਾਨੂੰਨੀ ਵਿਵਸਥਾ ਦੀ ਵਿਆਖਿਆ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੇਮੰਤ ਕੁਮਾਰ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ (ਆਰ.ਪੀ.) ਐਕਟ 1951 ਦੀ ਧਾਰਾ 149 ਦੇ ਅਨੁਸਾਰ ਜਦੋਂ ਸਦਨ ਲਈ ਚੁਣੇ ਗਏ ਮੈਂਬਰ ਦੀ ਲੋਕ ਸਭਾ ਸੀਟ ਕਿਸੇ ਕਾਰਨਾਂ ਕਰਕੇ ਖਾਲੀ ਹੋ ਜਾਂਦੀ ਹੈ ਤਾਂ, ਭਾਰਤੀ ਚੋਣ ਕਮਿਸ਼ਨ (ECI) ਨੂੰ ਅਜਿਹੀ ਖਾਲੀ ਥਾਂ ਭਰਨੀ ਪੈਂਦੀ ਹੈ ਅਤੇ ਜ਼ਿਮਨੀ ਚੋਣ ਕਰਵਾਉਣੀ ਪੈਂਦੀ ਹੈ। ਜਿੱਥੋਂ ਤੱਕ ਅਜਿਹੀ ਖਾਲੀ ਸੀਟ ਨੂੰ ਭਰਨ ਦੀ ਸਮਾਂ ਸੀਮਾ ਹੈ, ਹੇਮੰਤ ਨੇ ਆਰਪੀ ਐਕਟ, 1951 ਦੀ ਧਾਰਾ 151ਏ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਅਜਿਹੀਆਂ ਉਪ-ਚੋਣ ਖਾਲੀ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਦੀ ਮਿਆਦ ਦੇ ਅੰਦਰ ਕਰਵਾਈ ਜਾਣੀ ਹੁੰਦੀ ਹੈ। ਹੇਮੰਤ ਨੇ ਕਿਹਾ ਕਿ ਮੌਜੂਦਾ 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਤੱਕ ਹੈ, ਇਸ ਲਈ ਮਰਹੂਮ ਕਾਂਗਰਸੀ ਸੰਸਦ ਮੈਂਬਰ ਸੰਤੋਖ ਦਾ ਮੌਜੂਦਾ ਸਦਨ ਵਿੱਚ ਡੇਢ ਸਾਲ ਦਾ ਬਾਕੀ ਕਾਰਜਕਾਲ ਰਹਿ ਗਿਆ ਹੈ ਜੋ ਕਿ ਇੱਕ ਸਾਲ ਤੋਂ ਵੱਧ ਹੈ। ਇਸ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਅਗਲੇ ਛੇ ਮਹੀਨਿਆਂ ਵਿੱਚ ਜਲੰਧਰ ਵਿੱਚ ਉਪ ਚੋਣ ਕਰਵਾਈ ਜਾਣੀ ਹੈ।