ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐੱਚ ਐੱਸ ਫੂਲਕਾ ਵੱਲੋਂ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਬੀਤੇ ਦਿਨੀਂ ਦਿੱਤੇ ਬਿਆਨ ਦੇ ਜਵਾਬ ਵਿੱਚ ਭਾਈ ਗੁਰਚਰਨ ਸਿੰਘ ਗਰੇਵਾਲ, ਮੁੱਖ ਸੇਵਾਦਾਰ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੱਥੇਦਾਰ ਗੁਰਬਖ਼ਸ਼ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ , ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੀ ਫੂਲਕਾ ਦੇ ਨਾਂ ਸੋਸ਼ਲ ਮੀਡੀਆ ‘ਤੇ ਖੁੱਲ੍ਹੇ ਤੌਰ ਤੇ ਵਿਚਾਰ ਕਰਨ ਦੀ ਚੁਣੌਤੀ ਦਿੰਦੇ ਹੋਏ ਚਿੱਠੀ ਜਨਤਕ ਕੀਤੀ ਹੈ ।
ਸਤਿਕਾਰਯੋਗ ਐਸ. ਐਚ. ਫੂਲਕਾ ਜੀਓ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ
ਪਿੱਛਲੇ ਦਿਨੀਂ ਆਪ ਜੀ ਵੱਲੋਂ ਕੁਝ ਬੇ- ਬੁਨਿਆਦ ਮੁੱਦਿਆਂ ਦੇ ਅਧਾਰਿਤ ਸੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਖਿਲਾਫ਼ ਸ਼ੋਸ਼ਲ ਮੀਡੀਆ ਅਤੇ ਪ੍ਰੈਸ ਮੀਡੀਆ 'ਚ ਇਕ ਪੱਤਰ ਜਾਰੀ ਕੀਤਾ ਗਿਆ। ਅਸੀਂ ਆਪਣੀ ਬੁੱਧੀ ਮੁਤਾਬਿਕ ਪਿੱਛਲੇ ਦਿਨਾਂ ਤੋਂ ਜੋ ਤੁਹਾਡਾ ਨਜ਼ਰੀਆ ਅਤੇ ਤੁਹਾਡੇ ਵੱਲੋਂ ਉਪਰੋਕਤ ਸੰਸਥਾਵਾਂ 'ਤੇ ਲਗਾਤਾਰ ਕੀਤੀ ਜਾਂਦੀ ਚਿੱਕੜ ਉਛਾਲੀ ਨੂੰ ਭਲੀ ਭਾਂਤ ਸਮਝਦੇ ਹਾਂ। ਤੁਹਾਡੇ ਦਿੱਤੇ ਜਵਾਬਾਂ ਮੁਤਾਬਿਕ ਤੁਹਾਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਤੁਹਾਡੇ ਆਮ ਆਦਮੀ ਨਾਲ ਹੋਏ ਤੋੜ ਵਿਛੋੜੇ `ਤੇ ਕਾਫ਼ੀ ਦਰਦ ਮਹਿਸੂਸ ਹੋਇਆ। ਭਾਵੇਂ ਕਿ ਇਸ ਘਟਨਾਕ੍ਰਮ `ਤੇ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੇ ਅਤੇ ਆਮ ਅਵਾਮ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਹੋਣਗੀਆਂ। ਪਰ ਤੁਹਾਡੇ ਕਹਿਣ ਮੁਤਾਬਿਕ ਕਿ. “ਖਾਸ ਕਰਕੇ ਅਕਾਲੀ ਦਲ ਦੇ ਕਹਿਣ 'ਤੇ ਵੱਡਾ ਇਤਰਾਜ ਹੈ“ `ਤੁਹਾਡੇ ਅੰਦਰ ਦੀ ਅਕਾਲੀਆਂ ਪ੍ਰਤੀ ਹੋਏ ਫੋਬੀਏ ਦੀ ਪ੍ਰਤੱਖ ਤਸਵੀਰ ਪ੍ਰਗਟ ਕਰਦਾ ਹੈ। ਬਾਕੀ ਮੁੱਦਿਆਂ ਨੂੰ ਵਿਚਾਰਨ ਤੋਂ ਪਹਿਲਾ ਫੂਲਕਾ ਜੀ ਤੁਹਾਡੇ ਵਾਲੋਂ ਮੈਂ=ਮੈਂ-ਮੈਂ ਕਹਿਣਾ ਕਿ ਸੱਜਣ ਕੁਮਾਰ ਨੂੰ ਮੈ' ਹੀ ਤੇ ਸਿਰਫ਼ ਮੇਰੇ ਕਰਕੇ ਹੀ ਜੇਲ੍ਹ ਜਾਣਾ ਪਿਆ” ਕਹਿਣਾ ਤੁਹਾਡੇ ਕੱਦ ਨੂੰ ਬੌਣਾ ਕਰਦਾ ਹੈ, ਕਿਉਂਕਿ ਇਸ ਮੁਹਿੰਮ 'ਚ ਕੌਮ ਅਤੇ ਪੰਥਕ ਸੰਸਥਾਵਾਂ ਨੇ ਤੁਹਾਡਾ ਸਾਥ ਦਿੱਤਾ, ਇਕਾਲੇ ਤੁਸੀ ਇਹ ਲੜਾਈ ਨਹੀਂ ਜਿੱਤੀ ਹੈ। ਫੂਲਕਾ ਜੀ ਤੁਹਾਡਾ ਅਕਾਲੀ ਫੋਬੀਆ, ਤੁਹਾਡੇ ਤੋਂ ਬੁਖਲਾਹਟ `ਚ ਆ ਕੇ ਹੋਛੀ ਬਿਆਨਬਾਜ਼ੀ ਕਰਵਾ ਦਿੰਦਾ ਹੈ। ਕਦੇ ਤੁਸੀ ਸਿੰਘ ਸਾਹਿਬ ਜੀ ਦੇ ਬਿਆਨ ਦਾ ਗ਼ਲਤ ਖੁਲਾਸਾ ਕਰਕੇ ਕੌਮ ਨੂੰ ਗੁੰਮਰਾਹ ਕਰਦੇ ਹੋ। ਚੱਲੋਂ ਇਸ ਸਾਜਿਸ਼ ਦੀਆਂ ਪਰਤਾਂ ਖੋਲ੍ਹਣ ਤੋਂ ਪਹਿਲਾ ਤੁਹਾਡੀ ਬੁਖਾਲਣ ਦਾ ਖੁਲਾਸਾ ਕਰ ਲਈਏ ਕਿ ਤੁਸੀ ਆਮ ਆਦਮੀ ਪਾਰਟੀ 'ਚ ਇਸ ਕਰਕੇ ਆਏ ਕਿ ਤੁਹਾਡੇ ਅੰਦਰ ਮੁੱਖ ਮੰਤਰੀ ਬਣਨ ਦੀ ਲਾਲਸਾ ਤੇ ਉਮੀਦ ਸੀ, ਜੋ ਤੁਸੀ ਨਾ ਬਣ ਸਕੇ ਤੇ ਔਪੋਸੀਜ਼ਨ ਅਹੁਦੇ ਤੇ ਸਬਰ ਕਰਨਾ ਪਿਆ। ਇਸ ਦੇ ਨਾਲ-ਨਾਲ ਪਾਰਟੀ `ਚ ਤੁਹਾਡੀ ਇਕ ਧੇਲੇ ਦੀ ਨਾ ਚੱਲਣ ਦੇ ਤੁਹਾਡੇ ਸਾਥੀਆਂ ਵਾਲੋਂ ਦਿੱਤੇ ਓਲਾਂਭੇ ਵੀ ਤੁਹਾਡੇ ਵੱਲੋਂ ਪਾਰਟੀ ਨਾਲ ਤੋੜ ਵਿਛੋੜੇ ਦਾ ਕਾਰਨ ਬਣੇ । ਤੁਸੀ ਭਾਵੇ' ਕੁਝ ਵੀ ਕੋਹੋ ਪਰ ਜੋ ਕੁਝ ਵਾਪਰਿਆ, ਉਹ ਜੱਗ ਜਾਗਰ ਹੈ।
ਫੂਲਕਾ ਸਾਹਿਬ ਅੱਜ ਹਲਕਾ ਦਾਖਾ ਕੇ 58 ਹਜ਼ਾਰ 993 ਵੋਟਰ, ਜਿਨ੍ਹਾਂ ਨੇ ਤੁਹਾਡੇ `ਤੇ ਭਰੋਸਾ ਕੀਤਾ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਤੁਹਾਨੂੰ ਕਿਉਂ ਚੁਣਿਆ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਤੁਸੀ ਲੋਕਾਂ ਨੂੰ ਆਖਰੀ ਸਾਹ ਤੱਕ ਨਿਭਣ ਦੇ ਵਿਸ਼ਵਾਸ ਦੁਆਕੇ, ਆਪਣੇ ਸਵਾਰਥ ਦੀ ਨਾ ਪੁਰਤੀ ਹੋਣ 'ਤੇ ਭਗੌੜੇ ਹੋ ਜਾਵੋਗੇ। ਤੁਹਾਡੇ ਸਮਾਰਟ ਕਲਾਸ ਜਾਂ ਚਲਦੇ ਫਿਰ ਹਸਪਤਾਲਾਂ ਦੇ ਦਮਗਜ਼ਿਆਂ ਦਾ ਜਵਾਬ ਦਾਖੇ ਦੇ ਲੋਕਾਂ ਵਿਚਕਾਰ ਖੜ੍ਹਕੇ ਸੁਣਨ ਦੀ ਹਿੰਮਤ ਕਰੋ। ਸਿਰਫ਼ ਸ਼ੋਸ਼ਲ ਮੀਡੀਆ 'ਤੇ ਆਪਣੀ ਅਖੌਤੀ ਹੋਂਦ ਨੂੰ ਬਚਾਈ ਰੱਖਣ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪੰਥ ਅਤੇ ਦੁਨੀਆਂ ਅੰਦਰ ਉਸਾਰੀ ਸ਼ਾਖ ਤੇ ਸ਼ਖ਼ਸੀਅਤ ਖਿਲਾਫ਼ ਇਕ ਸੋਚੀ ਸਮਝੀ ਸਾਜਿਸ਼ ਅਧੀਨ ਉੱਗਲ ਚੁੱਕ ਕੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਚਿੱਕੜ ਉਛਾਲੀ ਕਰਕੇ ਪੰਥ ਦੇ ਅਲੰਬਰਦਾਰ ਬਣਨ ਦਾ ਢੋਂਗ ਰੱਚ ਕੇ ਆਪਣੀ ਹਉਮੇ ਨੂੰ ਪੱਠੇ ਪਾਉਣ ਦਾ ਕਾਰਜ਼ ਹੀ ਕਰ ਰਹੇ ਹੋ।
ਤੁਹਾਡੀ ਬੁਖਲਾਹਟ ਇਸ ਗੱਲ ਦੀ ਗਵਾਹ ਹੈ ਕਿ ਇਕ ਪਾਸੇ ਤਾਂ ਸਿੰਘ ਸਾਹਿਬ ਜੀ ਨੂੰ ਅੰਗਰੇਜ਼ੀ ਅਖ਼ਬਾਰ ਦੇ ਇਕ ਪੱਤਰਕਾਰ ਵਾਲੋਂ ਪੁੱਛੇ ਗਏ ਸਵਾਲ ਦੇ ਜਵਾਬ `ਚ ਜਦ ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਕ ਸਿੱਖ ਜਾਂ ਹਿੰਦੂ ਹੋਣ ਨਾਲੋਂ ਕੌਮ ਪ੍ਰਸਤ ਤੇ ਪੰਜਾਬ ਪ੍ਰਸਤ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਦੇ ਨਹੀਂ ਕਿਹਾ ਤੇ ਕਹਿ ਵੀ ਨਹੀਂ ਸਕਦੇ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਨਹੀਂ ਹੋਣਾ ਚਾਹੀਦਾ ਹਾਂ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਸ: ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ ਵਰਗਾ, ਬੂਟਾ ਸਿੰਘ ਜਾਂ ਕੇ. ਪੀ. ਐਸ ਗਿੱਲ ਵਰਗਾ ਪੱਗੜੀ ਧਾਰੀ ਸਿੱਖ ਨਹੀਂ ਹੋਣਾ ਚਾਹੀਦਾ। ਪਰ ਤੁਹਾਨੂੰ ਇਹ ਦਲੀਲ ਚੰਗੀ ਨਹੀਂ ਲੱਗੀ। ਅਫ਼ਸੋਸ ਇਸ ਗੱਲ ਦਾ ਹੈ ਕਿ ਤੁਸੀ ਸਭ ਕੁਝ ਜਾਣਦੇ ਹੋਇਆ ਵੀ ਇਸ ਗੱਲ ਦੀ ਬਾਤ ਦਾ ਬਤੰਗੜ ਬਣਾਕੇ ਪੇਸ਼ ਕਰਨ ਦੀ ਚਾਲ ਚੱਲੀ । ਇਸ ਤੋਂ ਅੱਗੇ ਤੁਹਾਡੀ ਸਿਰਫ਼ ਅਕਾਲੀ ਦਲ ਪ੍ਰਤੀ ਟਿੱਪਣੀ ਤੁਹਾਡੀ ਆਪੂ ਬਣੀ ਕਾਬਲੀਅਤ `ਤੇ ਸ਼ੰਕਾ ਉਠਾਉਂਦੀ ਹੈ ਕਿ ਜਿਸ ਪੰਜਾਬ ਲਈ ਸਿੱਖ ਮੁੱਖ ਮੰਤਰੀ ਹੋਣ ਦੀ ਵਕਾਲਤ ਕਰਦੇ ਹੋ। ਦਲੀਲਾਂ ਦੇ ਕੇ ਕਹਿੰਦੇ ਹੋ “ਪੰਜਾਬੀ ਸੂਬਾ ਹੀ ਇਸ ਲਈ ਬਣਾਇਆ ਸੀ ', ਉਹੀ ਗੱਲ ਜਦ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁੱਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਹਨ ਤਾਂ ਤੁਹਾਡੇ ਮਿਰਚਾਂ ਲੱਗ ਜਾਂਦੀਆਂ ਹਨ। ਫੂਲਕਾ ਸਾਹਿਬ ਇਹ ਕਿਹੜੀ ਵਕਾਲਤ ਕਰ ਰਹੋ, ਇਥੋਂ ਸਮੇਂ ਇਕ ਪਾਸੇ ਵਿਰੋਧ, ਦੂਜੇ ਪਾਸੇ ਹਮਾਇਤ, ਇਹ ਸਭ ਕੁਝ ਤੁਹਾਡੀ ਜਿਹਨੀਅਤ ਅੰਦਰ ਭਰੇ ਕੂੜ ਦੇ ਗੁਬਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਤੁਹਾਡੇ ਸਵਾਰਥ ਦੀ ਪੂਰਤੀ ਨਾ ਹੋਣ ਦੇਣ ਦੀ ਨਰਾਸ਼ਤਾ ਦੇ ਹਲਾਤਾਂ `ਚ ਤੁਸੀ ਉਪਰੋਕਤ ਸੰਸਥਾਵਾਂ ਖਿਲਾਫ਼ ਭੱਦੀ ਟਿਪਣੀ ਦੇ ਰੂਪ 'ਚ ਆਪਣੇ ਅੰਦਰ ਦੀ ਹੋਊਮੈ ਅਤੇ ਸਵਾਰਥ ਦੀ ਭੜਾਅ ਕੱਢ ਕੇ ਬਲਦੀ ਆਂਗ ਨੂੰ ਠੰਡਾ ਕਰਨ ਦਾ ਯਤਨ ਕਰਦੇ ਆ ਰਹੇ ਹੋ । ਸ੍ਰੀ ਐਚ. ਐਸ. ਫੂਲਕਾ ਜੀ ਉਪਰੋਕਤ ਸੰਸਥਾਵਾਂ ਨੂੰ ਭੰਡ ਕੇ ਸਿੱਖਾਂ ਦੀ ਹਮਾਇਤ ਲੈਣ ਦਾ ਸੁਪਨਾ ਭੁੱਲ ਜਾਓ। ਅਜਿਹਾ ਕੁ-ਰਸਤਾ ਤਿਆਗ ਕੇ ਅਸਲ ਸਚਾਈ ਨੂੰ ਪ੍ਰਕਟ ਕਰਨ ਦਾ ਉਦਮ ਕਰੋ । ਕੌਮ ਤੇ ਸੰਸਥਾਵਾਂ ਤੁਹਾਡਾ ਸਤਿਕਾਰ ਕਰਨਗੀਆਂ । ਅਸੀ ਖੁੱਲ੍ਹੇ ਆਮ ਸੱਦਾ ਦਿੰਦਾ ਹਾਂ, ਤੁਸੀ ਬੰਦ ਕਮਰੇ `ਚ ਬੈਠ ਕੇ ਐਲਾਨਨਾਮੇ ਤੇ ਦਮਗਜ਼ੇ ਮਾਰਨ ਦੀ ਬਜਾਏ ਕਿਸੇ ਵੀ ਪਲੇਟ ਫਾਰਮ 'ਤੇ ਆ ਕੇ ਇਹ ਗੱਲ ਦਲੀਲ ਪੂਰਵਕ ਰੱਖੋ । ਤੁਹਾਡੀ ਇੱਜਤ ਨੂੰ ਬਹਾਲ ਰੱਖਦਿਆਂ ਹਰ ਗੱਲ ਦਾ ਜਵਾਬ ਦੇਵਾਂਗੇ ਤੇ ਜਵਾਬ ਲੈਣ ਦੇ ਹੱਕਦਾਰ ਵੀ ਹੋਵਾਂਗੇ। ਅਸੀ ਆਸ ਕਰਦੇ ਹਾਂ ਕਿ ਤੁਸੀ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ 'ਤੇ ਬਿਰਾਜਮਾਨ ਸਨਮਾਨਿਤ ਸ਼ਖ਼ਸੀਅਤਾਂ ਨੂੰ ਬਣਦੇ ਫ਼ਰਜ਼ ਸਮਝਾਉਣ ਦੀ ਬਜਾਏ ਆਪਣੇ ਆਪ ਨੂੰ ਸਵਾਰਥ ਰਹਿਤ ਅਤੇ ਆਪਣੀ ਮਾਨਸਿਕ ਸਥਿਤੀ ਨੂੰ ਸਧਾਰਨ ਦਾ ਯਤਨ ਕਰੋਗੇ ।
ਸਾਡੇ ਵੱਲੋਂ ਸਤਿਕਾਰ ਸਾਹਿਤ ਭੇਜਿਆ ਇਹ ਸੁਨੇਹਾ ਫਰਾਕ ਦਿਲੀ ਨਾਲ ਪ੍ਰਵਾਨ ਕਰੇਗੇ ।
ਗੁਰੂ ਫਤਹਿ
ਗੁਰੂ ਪੰਥ ਦੇ ਦਾਸ
ਭਾਈ ਗੁਰਚਰਨ ਸਿੰਘ ਗਰੇਵਾਲ
ਸਿੱਖ ਸਟੂਡੈਂਟਸ ਫੈਡਰੇਸ਼ਨ
ਮੈਂਬਰ ਐਸ. ਜੀ. ਪੀ. ਸੀ.
ਫੋਨ : 98148-98643
ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ
ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ
ਮੈਂਬਰ ਐਸ. ਜੀ. ਪੀ. ਸੀ. (ਨਵਾਂ ਸ਼ਹਿਰ)
ਫੋਨ : 98140-44302