ਬਠਿੰਡਾ, 01 ਅਪ੍ਰੈਲ : ਬਠਿੰਡਾ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਲੜਕੀ ਦੀ ਹੋਈ ਮੌਤ। ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕੀ ਆਪਣੇ ਬਾਪ ਅਤੇ ਭੈਣ ਨਾਲ ਐਕਟਿਵਾ ਤੇ ਅੱਜ ਆਪਣੀ ਨੌਕਰੀ ‘ਤੇ ਪਹਿਲੇ ਦਿਨ ਹੀ ਜਾ ਰਹੀ ਸੀ ਕਿ ਸ਼ਹਿਰ ਦੇ ਪਾਰਸ ਨਗਰ ਵਿੱਚ ਇੱਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨੋੌ ਐਕਟਿਵਾ ਤੋਂ ਸੜਕ ਤੇ ਡਿੱਗ ਗਏ ਅਤੇ ਪਿੱਛੇ ਤੋਂ ਆ ਰਿਹਾ ਟਰੈਕਟਰ ਇੱਕ ਲੜਕੀ ਤੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਪ ਅਤੇ ਭੈਣ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਮ੍ਰਿਤਕ ਗੋਪਾਲ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਸ ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਸੰਸਥਾ ਦੀ ਐਂਬੂਲੈਂਸ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਜ਼ਖਮੀ ਪਿਤਾ ਅਤੇ ਭੈਣ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਬ-ਇੰਸਪੈਕਟਰ ਰਵਿੰਦਰ ਸਿੰਘ ਥਾਣਾ ਨਾਹਰ ਕਲੋਨੀ ਨੇ ਦੱਸਿਆ ਕਿ ਉਨ੍ਹਾਂ ਇਲਾਕੇ ‘ਚ ਲੱਗੇ ਸੀਸੀਟੀਵੀ ਦੀ ਤਲਾਸ਼ੀ ਲਈ ਤਾਂ ਹਾਦਸਾ ਦੇਖਿਆ ਗਿਆ। ਫੁਟੇਜ ਮੁਤਾਬਕ ਇਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਐਕਟਿਵਾ ‘ਤੇ ਜਾ ਰਿਹਾ ਸੀ। ਉਸ ਵਿਅਕਤੀ ਨੇ ਅੱਗੇ ਜਾ ਰਹੀ ਇਨੋਵਾ ਕਾਰ ਤੋਂ ਹੇਠਾਂ ਉਤਰਨ ਲਈ ਅਚਾਨਕ ਦਰਵਾਜ਼ਾ ਖੋਲ੍ਹਿਆ। ਫੁਟੇਜ ਦੇ ਅਨੁਸਾਰ ਐਕਟਿਵਾ ਦਰਵਾਜ਼ੇ ਨਾਲ ਟਕਰਾ ਗਈ ਅਤੇ ਤਿੰਨੋਂ ਸਵਾਰ ਸੜਕ ‘ਤੇ ਡਿੱਗ ਪਏ। ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਟਰੈਕਟਰ ਲੜਕੀ ਦੇ ਸਿਰ ਦੇ ਉਪਰੋਂ ਲੰਘ ਗਿਆ। ਹਾਦਸਾ ਦੇਖ ਕੇ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਨੋਵਾ ਅਤੇ ਟਰੈਕਟਰ ਚਾਲਕ ਦੋਵੇਂ ਵਾਹਨਾਂ ਸਮੇਤ ਫ਼ਰਾਰ ਹੋ ਗਏ। ਪੁਲਿਸ ਨੇ 304 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।