ਜਲਾਲਾਬਾਦ ਨਜ਼ਦੀਕ ਵਾਪਰੇ ਇਕ ਵਿਆਨਕ ਸੜਕ ਹਾਦਸੇ ਵਿੱਚ ਤਿੰਨ ਅਧਿਆਪਕਾਂ ਸਮੇਤ 4 ਦੀ ਮੌਤ


ਫਿਰੋਜ਼ਪੁਰ, 24 ਮਾਰਚ : ਅੱਜ ਸਵੇਰੇ ਜਲਾਲਾਬਾਦ ਨਜ਼ਦੀਕ ਪੈਂਦੇ ਪਿੰਡ ਖਾਈ ਫੇਮ ਦੇ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਅਧਿਆਪਕਾਂ ਸਮੇਤ ਡਰਾਈਵਰ ਦੀ ਮੌਕੇ ਉਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਡਾਜ਼ਲਿਕਾ ਰੋਡ ਉਤੇ ਪਿੰਡ ਖਾਈ ਫੇਮ ਨੇੜੇ ਅਧਿਆਪਕਾਂ ਨਾਲ ਭਰੀ ਗੱਡੀ ਦੀ ਟੈਂਪੂ ਟਰੈਵਲਰ ਨਾਲ ਭਿਆਨਕ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਤਿੰਨ ਅਧਿਆਪਕਾਂ ਤੇ ਡਰਾਈਵਰ ਦੀ ਮੌਕੇ ਉਤੇ ਮੌਤ ਹੋ ਗਈ , ਜਦੋਂ ਕਿ ਬਾਕੀ ਅਧਿਆਪਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਗੱਡੀ ਰਾਹੀਂ 7-8 ਅਧਿਆਪਕ ਜਲਾਲਾਬਾਦ ਤੋਂ ਤਾਰਨਤਾਰਨ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਸਾਰੇ ਅਧਿਆਪਕ ਬਾਰਡਰ ਖੇਤਰ ਵਿੱਚ ਤੈਨਾਤ ਸਨ, ਇਕ ਗੱਡੀ ਰਾਹੀਂ ਵੱਖ ਵੱਖ ਸਕੂਲਾਂ ਵਿੱਚ ਜਾਂਦੇ ਸਨ।

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਤਿੰਨ ਅਧਿਆਪਕ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲਾਲਾਬਾਦ ਨਜ਼ਦੀਕ ਪੈਂਦੇ ਪਿੰਡ ਪਿੰਡ ਖਾਈ ਫੇਮੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਅਧਿਆਪਕ ਅਤੇ ਵਾਹਨ ਚਾਲਕ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਹਾਈ ਸਕੂਲ ਅਧਿਆਪਕ ਕੰਚਨ, ਪ੍ਰਿੰਸ ਅਤੇ ਮਨਿੰਦਰ ਦੀ ਇਸ ਹਾਦਸੇ ਵਿੱਚ ਮੌਤ ਨਾਲ ਸਕੂਲ ਸਿੱਖਿਆ ਵਿਭਾਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ  ਅਤੇ ਪਿੱਛੇ ਪਰਿਵਾਰਕ ਮੈਂਬਰਾਂ, ਦੋਸਤਾਂ ਨੂੰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦੀ ਸਹੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ।